ਅਖ਼ਬਾਰ

ਅੱਠ ਵੱਜਦੇ ਆਵੇ ਅਖ਼ਬਾਰ ਬਾਬਾ,
ਹਾਲ ਦੱਸਦੀ ਸਭ ਸੰਸਾਰ ਬਾਬਾ।

ਬੈਠਾ ਨਾ ਕਿਸੇ ਵੱਲ ਝਾਕਦਾ ਤੂੰ,
ਅੱਖਰ ਪੜ੍ਹੇ ਹੁੰਦੇ ਜੇ ਚਾਰ ਬਾਬਾ,
ਕਿੱਥੇ ਲੁੱਟ ਲਈ ਚੋਰਾਂ ਦੁਕਾਨ ਦੱਸੇ,
ਕਿਹਦੀ ਖੋਈ ਦੱਸੇ ਇਹ ਕਾਰ ਬਾਬਾ।

ਕਿੱਥੋਂ ਫੜੇ ਕਿੰਨੇ ਏ ਚੋਰ ਦੱਸੇ,
ਕਿੱਥੋਂ ਫੜੇ ਚੋਰਾਂ ਦੇ ਯਾਰ ਬਾਬਾ।
ਕਿਹੜਾ ਲੀਡਰ ਆਇਆ ‘ਚ ਪਾਰਟੀ ਦੇ,
ਕਿਹੜਾ ਹੋ ਗਿਆ ਦੱਸੇ ਬਾਹਰ ਬਾਬਾ।

ਕਿੱਥੇ ਰਹਿਣੀ ਬੱਤੀ ਗੁੱਲ ਦੱਸੇ,
ਕਿਹਦੀ ਫੜੀ ਗਈ ਏ ਤਾਰ ਬਾਬਾ।
ਕਿਸਾਨਾਂ ਰੋਕਣੀ ਕਿੱਥੇ ਰੇਲ ਦੱਸੇ,
ਕਿੱਥੇ ਰਹਿਣੇ ਬੰਦ ਬਜ਼ਾਰ ਬਾਬਾ।

ਕਿਹੜੀ ਸੜਕ ਦਾ ਰੱਖਿਆ ਨੀਂਹ ਪੱਥਰ,
ਕਿਹੜੀ ਸੜਕ ਤੇ ਰਹਿੰਦੀ ਗਾਰ ਬਾਬਾ।
ਕਿਹੜਾ ਅਫ਼ਸਰ ਬਦਲ ਕਿੱਥੇ ਗਿਆ,
ਕਿਹਦੀ ਜੁੜੀ ਕਿਹਦੇ ਨਾਲ ਤਾਰ ਬਾਬਾ।

ਕਿਹੜਾ ਹੋ ਗਿਆ ਗੁੰਡਾ ਜੇਲ੍ਹ ਅੰਦਰ,
ਕਿਹੜਾ ਆ ਗਿਆ ਦੱਸੇ ਬਾਹਰ ਬਾਬਾ।
ਨਾਲ ਜੁੜਣਾ ਜੇ ਸੰਸਾਰ ਸੰਧੂ,
ਮਾਰ ਝਾਤੀ ਤੂੰ ਵੀ ਅਖ਼ਬਾਰ ਬਾਬਾ।

ਪਰਮਜੀਤ ਸੰਧੂ

You May Also Like