ਅਮਰੀਕਾ ‘ਚ ਦਿਲ ਦਾ ਦੌਰਾ ਪੈਣ ਕਾਰਨ ਖਰੜ ਦੇ ਨੌਜਵਾਨ ਦੀ ਹੋਈ ਮੌਤ

ਮੁਹਾਲੀ, 6 ਮਈ (ਐੱਸ.ਪੀ.ਐਨ ਬਿਊਰੋ) – ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਤਰਨਦੀਪ ਸਿੰਘ ਵਾਸੀ ਮੁਹਾਲੀ ਜ਼ਿਲ੍ਹੇ ਦੇ ਕਸਬਾ ਖਰੜ ਦੇ ਵਜੋਂ ਹੋਈ ਹੈ। ਉਸ ਦੀ ਲਾਸ਼ ਨੂੰ ਖਰੜ ਸਥਿਤ ਉਸ ਦੇ ਘਰ ਲਿਆਇਆ ਗਿਆ ਹੈ। ਲਾਸ਼ ਘਰ ਪਹੁੰਚਦੇ ਹੀ ਪੂਰੇ ਘਰ ‘ਚ ਮਾਤਮ ਦਾ ਮਾਹੌਲ ਬਣ ਗਿਆ। ਉਹ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਕਰੀਬ 2 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਉਹ ਉੱਥੇ ਆਪਣੇ ਮਾਮਾ ਕੋਲ ਰਹਿ ਰਿਹਾ ਸੀ। ਉਹ ਅਮਰੀਕਾ ਵਿੱਚ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ। ਬੀਤੇ 24 ਅਪ੍ਰੈਲ ਨੂੰ ਤਰਨਦੀਪ ਸਿੰਘ ਅਮਰੀਕਾ ਸਥਿਤ ਆਪਣੇ ਘਰ ਪਰਤਿਆ ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੇ ਕੁਝ ਮਹੀਨਿਆਂ ਬਾਅਦ ਘਰ ਪਰਤਣਾ ਸੀ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਲਾਸ਼ ਘਰ ਪਹੁੰਚ ਗਈ। ਇਸ ਕਾਰਨ ਪੂਰੇ ਘਰ ਵਿੱਚ ਸੋਗ ਦਾ ਮਾਹੌਲ ਹੈ। ਉਸ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਉਸ ਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਨਹੀਂ ਰਿਹਾ। ਪਰਿਵਾਰ ਵਿੱਚ ਉਸਦੀ ਇੱਕ ਭੈਣ ਹੈ, ਜੋ ਕਿ ਕੁਝ ਸਮੇਂ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਹੈ।

You May Also Like