ਅੰਮ੍ਰਿਤਸਰ ਚ ਚਾਈਨਾ ਡੋਰ ਨੇ ਇੱਕ 7 ਸਾਲ ਦੀ ਬੱਚੀ ਦੀ ਲਈ ਜਾਨ

ਅੰਮ੍ਰਿਤਸਰ, 27 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ‘ਚ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 6 ਸਾਲਾ ਲੜਕੀ ਅਪਣੇ ਪਿਤਾ ਨਾਲ ਮੋਟਰਸਾਈਕਲ ਉਤੇ ਜਾ ਰਹੀ ਸੀ, ਇਸ ਦੌਰਾਨ ਚਾਈਨਾ ਡੋਰ ਉਸ ਦੇ ਗਲੇ ਨਾਲ ਲੱਗ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਛੇ ਸਾਲਾ ਬੱਚੀ ਖੁਸ਼ੀ ਦੇ ਪਿਤਾ ਮਨੀ ਨੇ ਦਸਿਆ ਕਿ ਸਵੇਰੇ ਜਿਵੇਂ ਹੀ ਉਹ ਬਟਾਲਾ ਰੋਡ ‘ਤੇ ਸੈਲੀਬ੍ਰੇਸ਼ਨ ਮਾਲ ਨੇੜੇ ਪੁਲ ‘ਤੇ ਚੜ੍ਹੇ ਤਾਂ ਮੋਟਰਸਾਈਕਲ ਅੱਗੇ ਬੈਠੀ ਉਸ ਦੀ ਧੀ ਦਾ ਗਲਾ ਚਾਈਨਾ ਡੋਰ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਲੜਕੀ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿਤਾ। ਬੱਚੀ ਖੁਸ਼ੀ ਦੇ ਪਿਤਾ ਨੇ ਦਸਿਆ ਕਿ ਅਚਾਨਕ ਤਾਰਾਂ ਆਉਣ ਕਾਰਨ ਉਸ ਦੀ ਲੜਕੀ ਦੇ ਗਲੇ ਦੀਆਂ ਨਾੜਾਂ ਕੱਟੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮਨੀ ਨੇ ਦਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਉਸ ਦੀਆਂ ਚਾਰ ਲੜਕੀਆਂ ਹਨ, ਜਿਨ੍ਹਾਂ ਵਿਚੋਂ ਖੁਸ਼ੀ ਸੱਭ ਤੋਂ ਛੋਟੀ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਪਰਵਾਰ ਨੂੰ ਇਹ ਦਿਨ ਨਾ ਦੇਖਣਾ ਪਵੇ। ਸਥਾਨਕ ਲੋਕਾਂ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।

You May Also Like