ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੋਂ 17.5 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ, 31 ਅਗਸਤ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਭਾਰਤੀ ਸਰਹੱਦ ਵਿਚ ਦਾਖਲ ਹੋ ਕੇ ਤਸਕਰਾਂ ਦੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਡਰੋਨ ਦੀ ਹਰਕਤ ਤੋਂ ਬਾਅਦ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ 17.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ. ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਣੀਆ ਵਿਚ ਡਰੋਨ ਦੀ ਦਸਤਕ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਪੰਜਾਬ ਪੁਲਿਸ ਦੀ ਮਦਦ ਨਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ।

ਇਸ ਦੌਰਾਨ ਬੀ.ਐਸ.ਐਫ. ਦੇ ਜਵਾਨਾਂ ਨੂੰ ਪਲਾਸਟਿਕ ਦੇ ਪੈਕੇਟ ਵਿਚੋਂ 6 ਛੋਟੀਆਂ ਬੋਤਲਾਂ ਮਿਲੀਆਂ, ਜੋ 2.630 ਕਿਲੋ ਹੈਰੋਇਨ ਨਾਲ ਭਰੀਆਂ ਹੋਈਆਂ ਸਨ।ਇਸ ਖੇਪ ਨੂੰ ਬੀ.ਐਸ.ਐਫ. ਅਧਿਕਾਰੀਆਂ ਨੇ ਸੀਲ ਕਰ ਦਿਤਾ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿਤਾ ਗਿਆ ਹੈ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ 17.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀ.ਐਸ.ਐਫ. ਨੇ 2 ਦਿਨਾਂ ਵਿਚ ਇਹ ਦੂਜੀ ਸਫਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਸਰਹੱਦ ’ਤੇ ਪੈਂਦੇ ਪਿੰਡ ਕਮਾਲਪੁਰਾ ਵਿਚ ਵੀ ਤਲਾਸ਼ੀ ਦੌਰਾਨ ਬੀ.ਐਸ.ਐਫ. ਨੇ ਕੰਡਿਆਲੀ ਤਾਰ ਦੇ ਪਾਰ ਜ਼ਮੀਨ ਵਿਚ ਦੱਬੀ ਖੇਪ ਬਰਾਮਦ ਕੀਤੀ। ਇਸ ਨੂੰ ਇਕ ਬੈਟਰੀ ਵਿਚ ਛੁਪਾ ਕੇ ਜ਼ਮੀਨ ਵਿਚ ਦੱਬਿਆ ਹੋਇਆ ਸੀ, ਜਿਸ ਵਿਚ 6 ਪੈਕੇਟ ਹੈਰੋਇਨ ਅਤੇ ਇਕ ਛੋਟਾ 70 ਗ੍ਰਾਮ ਅਫੀਮ ਦਾ ਪੈਕੇਟ ਮਿਲਿਆ ਸੀ।

You May Also Like