ਅੰਮ੍ਰਿਤਸਰ ਪੁਲਿਸ ਹੱਥੀਂ ਚੜਿਆ ਫਰਜ਼ੀ ਫੌਜੀ ਅਫਸਰ, ਕਈ ਆਰਮੀ ਰੈਂਕ ਦੀਆਂ ਵਰਦੀਆਂ ਵੀ ਕੀਤੀਆਂ ਬਰਾਮਦ

ਅੰਮ੍ਰਿਤਸਰ, 11 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ਪੁਲਿਸ ਅਤੇ ਫੌਜ ਦੇ ਸਾਂਝੇ ਆਪਰੇਸ਼ਨ ਤਹਿਤ ਇਕ ਫਰਜ਼ੀ ਫੌਜੀ ਅਫਸਰ ਫੜਿਆ ਗਿਆ ਹੈ। ਪੁਲਿਸ ਨੇ ਉਸ ਕੋਲੋਂ ਕਈ ਆਰਮੀ ਰੈਂਕ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਜ਼ੋਨ-1 ਦੇ ਥਾਣਾ ਡੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਵਰਦੀ ਪਹਿਨੇ ਇਕ ਨਕਲੀ ਫੌਜੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚਿਕਨਾ ਆਨੰਦਪੁਰ ਸਾਹਿਬ ਹੈ ਅਤੇ ਨਕਲੀ ਫੌਜੀ ਬਣ ਕੇ ਹਾਲ ਗੇਟ ਇਲਾਕੇ ਵਿੱਚ ਘੁੰਮਦਾ ਰਹਿੰਦਾ ਸੀ।

ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਗੋਲਬਾਗ਼ ਇਲਾਕੇ ਵਿਚੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੇ ਆਰਮੀ ਮੇਜਰ ਰੈਂਕ ਦੀ ਵਰਦੀ ਅਤੇ ਮੋਢੇ ’ਤੇ ਸਿਪਾਹੀ ਦਾ ਬੈਗ ਪਾਇਆ ਹੋਇਆ ਸੀ। ਪੁਲਿਸ ਨੇ ਉਸ ਕੋਲੋਂ ਆਰਮੀ ਵਿੱਚ ਹੋਣ ਦਾ ਸਬੂਤ ਮੰਗਿਆ, ਪਰ ਉਹ ਪੇਸ਼ ਨਹੀਂ ਕਰ ਸਕਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਰੈਂਕ ਦੀਆਂ ਵਰਦੀਆਂ ਪਾ ਕੇ ਆਮ ਲੋਕਾਂ ਨੂੰ ਡਰਾਉਂਦਾ ਸੀ ਕਿ ਉਹ ਫੋਰਸ ਦਾ ਸੀਨੀਅਰ ਅਧਿਕਾਰੀ ਹੈ। ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸ ਨੇ ਇਹ ਵਰਦੀ ਦੇਹਰਾਦੂਨ ਤੋਂ ਲਈ ਸੀ ਅਤੇ ਇਹ ਵਰਦੀ ਪਾ ਕੇ ਉਹ ਰੁੜਕੀ ਆਰਮੀ ਕੈਂਟ, ਜੰਮੂ ਆਰਮੀ ਏਰੀਆ ਅਤੇ ਅੰਮ੍ਰਿਤਸਰ ਆਰਮੀ ਕੈਂਟ ਵੀ ਗਿਆ ਸੀ। ਇਸ ਵਿਅਕਤੀ ਕੋਲੋਂ ਮਿਲੇ ਇਨ੍ਹਾਂ ਸ਼ਨਾਖਤੀ ਕਾਰਡਾਂ/ਦਸਤਾਵੇਜ਼ਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

You May Also Like