ਆਨਲਾਈਨ ਪੜ੍ਹਾਈ ਕਰਾਉਣੀ ਬੰਦ ਕਰਨ ਸਕੂਲ – ਜਗਦੀਸ਼ ਸਿੰਘ ਚਾਹਲ

ਬਾਬਾ ਬਕਾਲਾ ਸਾਹਿਬ, 22 ਮਈ (ਐੱਸ.ਪੀ.ਐਨ ਬਿਊਰੋ) – ਸਕੂਲਾਂ ਵਿੱਚ ਬੱਚਿਆਂ ਨੂੰ 21 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਰ ਦੀ ਸੂਰਤ ਵਿੱਚ ਵੀ ਸਕੂਲਾਂ ਵੱਲੋ ਆਨਲਾਈਨ ਪੜ੍ਹਾਈ ਦੀ ਰੀਤ ਫਿਰ ਸ਼ੁਰੂ ਹੋ ਗਈ ਹੈ। PSEB, CBSE ਅਤੇ ICSE ਐਜੂਕੇਸ਼ਨ ਬੋਰਡਾਂ ਵੱਲੋਂ ਛੁੱਟੀਆਂ ਤਾਂ ਘੋਸ਼ਿਤ ਕਰ ਦਿੱਤੀਆਂ ਗਈਆਂ ਹਨ ਪਰ ਨਾਲ ਦੇ ਨਾਲ ਹੀ ਆਨਲਾਈਨ ਕਲਾਸਾਂ ਦੀ ਰੀਤ ਵੀ ਫਿਰ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਇਹਨਾਂ ਵੱਲ ਧਿਆਨ ਦੇਣ ਕਿ ਇਹ ਆਨਲਾਈਨ ਪੜ੍ਹਾਈ ਬੱਚਿਆਂ ਦੀਆਂ ਅੱਖਾਂ ਅਤੇ ਦਿਮਾਗੀ ਸੰਤੁਲਨ ਖਰਾਬ ਕਰ ਰਹੀਆਂ ਹਨ। ਇਸ ਦੇ ਨਾਲ ਨਾਲ ਮੋਬਾਇਲ ਤੇ ਪੜ੍ਹਾਈ ਮਾਪਿਆਂ ਤੇ ਵੀ ਵਾਧੂ ਦਾ ਬੋਝ ਬਣ ਰਹੀ ਹੈ। ਅਗਰ ਕਿਸੇ ਪਰਿਵਾਰ ਦੇ 3 ਬੱਚੇ ਹਨ ਤਾਂ ਉਹਨਾਂ ਤਿੰਨਾਂ ਦੀ ਮੋਬਾਇਲ ਤੇ ਕਲਾਸ ਲਗਾਉਣ ਲਈ ਅਲੱਗ ਅਲੱਗ ਤਿੰਨ ਮੋਬਾਇਲ ਫੋਨਾਂ ਦੀ ਜ਼ਰੂਰਤ ਪਵੇਗੀ , ਇੱਕ ਦਿਹਾੜੀਦਾਰ ਪਰਿਵਾਰ 3 ਮੋਬਾਇਲਾਂ ਦੀ ਪੂਰਤੀ ਕਿੱਥੋਂ ਕਰੇਗਾ ? ਕਰੋਨਾ ਸਮੇਂ ਇਸ ਮਜਬੂਰੀ ਨੂੰ ਹੁਣ ਸਕੂਲਾਂ ਵਲੋਂ ਜਾਣ-ਬੁੱਝ ਕੇ ਮਾਪਿਆਂ ਅਤੇ ਬੱਚਿਆਂ ਸਿਰ ਥੋਪਿਆ ਜਾ ਰਿਹਾ।

ਛੁੱਟੀਆਂ ਦਾ ਜੋ ਕੰਮ ਆਨਲਾਈਨ ਰਾਹੀਂ ਮੋਬਾਇਲ ਉੱਪਰ ਦੱਸਿਆ ਜਾ ਰਿਹਾ ਹੈ ਸਕੂਲਾਂ ਵੱਲੋਂ ਉਹ ਕੰਮ ਛੁੱਟੀਆਂ ਪੈਣ ਤੋਂ ਪਹਿਲਾਂ ਬਚਿਆ ਨੂੰ ਕਿਉਂ ਨਹੀਂ ਦੱਸਿਆ ਗਿਆ , ਇਸ ਗੱਲ ਦਾ ਜਵਾਬ ਬੋਰਡਾਂ ਦੇ ਡਾਇਰੈਕਟਰ, ਸਕੂਲ ਮੁੱਖੀ ਅਤੇ ਅਧਿਆਪਕ ਜਨਤਾ ਨੂੰ ਦੇਣ। ਇੱਕ ਪਾਸੇ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰਹਿਣ ਲਈ ਹਦਾਇਤਾਂ ਕਰਦੇ ਹਾਂ ਕਿ ਮੋਬਾਇਲ ਇਸਤੇਮਾਲ ਕਰਨ ਨਾਲ ਬੱਚਿਆਂ ਤੇ ਬੁਰਾ ਅਸਰ ਪੈ ਰਿਹਾ, ਉੱਧਰ ਦੂਸਰੇ ਪਾਸੇ ਸਕੂਲ ਹੀ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਫੜਾਉਣ ਦਾ ਕਾਰਨ ਬਣ ਰਹੇ ਹਨ। ਮੈਂ ਕੇਂਦਰ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਸਿੱਖਿਆ ਮੰਤਰੀ ਪੰਜਾਬ , ਐਜੂਕੇਸ਼ਨ ਡਾਇਰੈਕਟਰਾਂ ਨੂੰ ਇਹ ਅਪੀਲ ਕਰਦਾ ਕਿ , ਮੋਬਾਇਲ ਤੇ ਸਕੂਲਾਂ ਦੀ ਪੜ੍ਹਾਈ ਬੰਦ ਕਰਨ ਲਈ ਆਦੇਸ਼ ਜਾਰੀ ਕੀਤੇ ਜਾਣ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੀ ਟੀਮ ਅਤੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ ਨੇ ਮੀਡੀਆ ਨਾਲ ਕੀਤਾ।

You May Also Like