ਆਸਟ੍ਰੇਲੀਆਈ ਵਿਕਟੋਰੀਆ ਹਾਕੀ ਲੀਗ ਗਰੇਡ 1 ਵਿੱਚ ਜਰਖੜ ਹਾਕੀ ਅਕੈਡਮੀ ਦਾ ਸਟਾਰ ਖਿਡਾਰੀ ਜੋਗਿੰਦਰ ਸਿੰਘ ਧਰੂ ਤਾਰੇ ਵਾਂਗ ਚਮਕਿਆ

ਜੋਗਿੰਦਰ ਸਿੰਘ 22 ਗੋਲ ਕਰਕੇ ਬਣਿਆ ਲੀਗ ਦਾ ਸਰਵੋਤਮ ਸਕੋਰਰ

ਲੁਧਿਆਣਾ 24 ਸਿਤੰਬਰ (ਹਰਮਿੰਦਰ ਮੱਕੜ) – ਪੰਜਾਬੀ ਜਿਹੜੇ ਕੰਮ ਦੇ ਪਿੱਛੇ ਪੈ ਜਾਂਦੇ ਹਨ ਉਸ ਵਿੱਚ ਸਿਰਾ ਹੀ ਕਰਵਾ ਦਿੰਦੇ ਹਨ। ਆਸਟਰੇਲੀਆ ਦੇ ਵਿਚ ਪੰਜਾਬੀਆਂ ਨੇ ਜਿੱਥੇ ਬਾਕੀ ਖੇਤਰਾਂ ਵਿੱਚ ਬੱਲੇ-ਬੱਲੇ ਕਰਵਾਈ ਹੈ ,ਉਥੇ ਹੁਣ ਖੇਡਾਂ ਦੇ ਖੇਤਰ ਵਿੱਚ ਵੀ ਹਰ ਰੋਜ਼ ਕੋਈ ਨਾ ਕੋਈ ਨਵਾਂ ਇਤਿਹਾਸ ਸਿਰਜ ਰਹੇ ਹਨ। ਮੈਲਬੌਰਨ ਦੀ ਚਰਚਿਤ ਵਿਕਟੋਰੀਆ ਹਾਕੀ ਲੀਗ ਦੇ ਗਰੇਡ 1 ਵਿੱਚ ਪ੍ਰਵੇਸ਼ ਪਾਉਣਾ ਹੀ ਮੈਲਬੌਰਨ ਸਿੱਖ ਯੂਨਾਈਟਡ ਕਲੱਬ ਦੀ ਵਡਮੁੱਲੀ ਪ੍ਰਾਪਤੀ ਸੀ। ਪਰ ਇਸ ਕਲੱਬ ਵੱਲੋਂ ਲੁਧਿਆਣੇ ਦੇ ਛੋਟੇ ਜਿਹੇ ਪਿੰਡ ਜਰਖੜ ਦੀ ਹਾਕੀ ਅਕੈਡਮੀ ਦੇ ਟਰੇਨੀ ਖਿਡਾਰੀ ਨੇ ਆਪਣੇ ਹਾਕੀ ਹੁਨਰ ਦਾ ਲੋਹਾ ਮਨਾਉਂਦਿਆਂ ਆਸਟ੍ਰੇਲੀਆ ਦੇ ਦਿੱਗਜ਼ ਖਿਡਾਰੀਆਂ ਨੂੰ ਨਾ ਸਿਰਫ਼ ਮਾਤ ਕੀਤਾ ਸਗੋਂ 22 ਗੋਲ ਕਰਕੇ ਲੀਗ ਦਾ ਸਰਵੋਤਮ ਸਕੋਰਰ ਵੀ ਬਣਿਆ । ਵਿਕਟੋਰੀਆ ਲੀਗ ਗ੍ਰੇਡ 1 ਖੇਡਦਿਆਂ ਸਿੱਖ ਯੂਨਾਈਟਡ ਕਲੱਬ ਨੇ ਕੁੱਲ ਖੇਡੇ 18 ਮੈਚਾਂ ਵਿੱਚੋ 14 ਜਿੱਤਾ,1 ਬਰਾਬਰੀ, 3 ਹਾਰ ਨਾਲ ਕੁੱਲ 22 ਗੋਲ ਕਰਕੇ ਆਪਣੀ ਟੀਮ ਨੂੰ ਸੈਮੀਫਾਈਨਲ ਤੱਕ ਪਹੁੰਚਾਇਆ।

ਹਰ ਜਿੱਤ ਵਿੱਚ ਜੋਗਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ।ਪੂਰੇ ਟੂਰਨਾਮੈਂਟ ਵਿੱਚ ਜੋਗਿੰਦਰ ਸਿੰਘ ਨੇ 2 ਹੈਟ੍ਰਿਕ ਵੀ ਜੜੀਆ। ਜਰਖੜ ਹਾਕੀ ਅਕੈਡਮੀ ਦਾ ਟ੍ਰੇਨੀ ਅਤੇ ਰੇਲਵੇ ਵਿਭਾਗ ਵੱਲੋਂ ਖੇਡਦਾ ਜੋਗਿੰਦਰ ਸਿੰਘ ਭਾਰਤੀ ਹਾਕੀ ਟੀਮ ਦੇ ਭਵਿੱਖ ਦਾ ਵਾਰਿਸ ਹੈ। ਮੈਲਬੌਰਨ ਸਿੱਖ ਯੂਨਾਈਟਡ ਕਲੱਬ ਉਸਦੇ ਹੁਨਰ ਦੀ ਪਰਖ ਕਰਦਿਆਂ ਉਸ ਨੂੰ ਵਿਕਟੋਰੀਆ ਹਾਕੀ ਲੀਗ ਵਿੱਚ ਖੇਡਣ ਦਾ ਮੌਕਾ ਦਿੱਤਾ ਅਤੇ ਜੋਗਿੰਦਰ ਸਿੰਘ ਨੇ ਵੀ ਸਿੱਖ ਯੂਨਾਈਟਿੱਡ ਕਲੱਬ ਦੇ ਦਿੱਤੇ ਮਾਣ ਸਤਿਕਾਰ ਦਾ ਪੂਰਾ ਮੁੱਲ ਮੋੜਿਆ। ਲੀਗ ਦੇ ਵੱਖ ਵੱਖ ਸੈਸ਼ਨ ਦੋਰਾਨ ਪਾਕਿਸਤਾਨ ਹਾਕੀ ਓਲੰਪੀਅਨ, ਕੋਚ ਵਸੀਮ ਅਹਿਮਦ ਨੇ ਵੀ ਜੋਗਿੰਦਰ ਸਿੰਘ ਨੂੰ ਹਾਕੀ ਦੀਆਂ ਬਰੀਕੀਆਂ ਤੋਂ ਜਾਗਰੂਕ ਕਰਵਾਉਂਦਿਆਂ ਉਸਦੀ ਖੇਡ ਵਿੱਚ ਨਿਖਾਰ ਲਿਆਂਦਾ। ਕੁੱਲ ਮਿਲਾ ਕੇ ਜੋਗਿੰਦਰ ਸਿੰਘ ਵਿਕਟੋਰੀਆ ਹਾਕੀ ਲੀਗ ਵਿੱਚ ਧਰੂ ਤਾਰੇ ਵਾਂਗ ਚਮਕਿਆ ਅਤੇ ਮੈਲਬੌਰਨ ਸਿੱਖ ਯੂਨਾਈਟਡ ਕਲੱਬ ਵਾਲੇ ਵੀ ਇਸ ਲੀਗ ਵਿੱਚ ਆਪਣੀ ਵਡਮੁੱਲੀ ਪ੍ਰਾਪਤੀ ਤੋਂ ਬਾਗੋਂ ਬਾਗ਼ ਹਨ। ਕਿਉਂਕਿ ਸਿੱਖ ਯੂਨਾਈਟਿਡ ਕਲੱਬ ਵਲੋਂ ਵਿਕਟੋਰੀਆ ਹਾਕੀ ਲੀਗ ਗਰੇਡ 1 ਲਈ ਕੁਆਲੀਫਾਈ ਕਰਨਾ ਫੇਰ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕਰਨਾ ਆਪਣੇ ਆਪ ਵਿੱਚ ਇੱਕ ਇਤਿਹਾਸ ਰਚਣ ਵਾਲੀ ਗੱਲ ਹੈ। ਇਸਦਾ ਵੱਡਾ ਸਿਹਰਾ ਜਿੱਥੇ ਟੀਮ ਦੇ ਕੋਚ ਪਕਿਸਤਾਨ ਓਲੰਪੀਅਨ ਵਸੀਮ ਅਹਿਮਦ ਨੂੰ ਜਾਂਦਾ ਹੈ ਉੱਥੇ ਸਮੂਹ ਖਿਡਾਰੀਆਂ ਦੇ ਇੱਕ ਜੁੱਟ ਉਪਰਾਲੇ ਨੂੰ ਖਾਸ ਕਰਕੇ ਜੋਗਿੰਦਰ ਸਿੰਘ ਦੇ ਪੇਨਲਟੀ ਕਾਰਨਰ ਦੇ ਹੁਨਰ ਨੂੰ ਵੀ ਜਾਂਦਾ ਹੈ। ਜੁਗਿੰਦਰ ਸਿੰਘ ਦੇ ਸਿੱਖ ਯੂਨਾਈਟਿਡ ਕਲੱਬ ਦਾ ਸਲੂਟ ਹੈ। ਸ਼ਾਲਾ ! ਪ੍ਰਮਾਤਮਾ ਉਸ ਨੂੰ ਭਵਿੱਖ ਵਿੱਚ ਵੱਡੀਆਂ ਤਰੱਕੀਆਂ ਦੇਵੇ ਅਤੇ ਉਹ ਇੰਡੀਆ ਹਾਕੀ ਦਾ ਸਿਤਾਰਾ ਬਣ ਕੇ ਚਮਕੇ । ਇਸਤੋਂ ਇਲਾਵਾ ਆਸਟਰੇਲੀਆ ਵਸਦੇ ਜਰਖੜ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਅਤੇ ਉਹਨਾਂ ਦੀ ਪੂਰੀ ਟੀਮ ਇਸ ਪ੍ਰਾਪਤੀ ਬਦਲੇ ਵਧਾਈ ਦੀ ਪਾਤਰ ਹੈ ਜਿੰਨਾ ਨੇ ਜੀਵਨ ਦੇ ਕਰਮਾਂ ਦਾ ਵੱਡਾ ਲੇਖਾ ਜੋਖਾ ਹਾਕੀ ਦੇ ਲੇਖੇ ਲਾਇਆ ਹੈ।

ਇੱਥੇ ਹੀ ਬੱਸ ਨਹੀਂ ਕਿ ਮੈਲਬੌਰਨ ਸਿੱਖ ਯੂਨਾਈਟਡ ਕਲੱਬ ਰਿਜ਼ਰਵ ਟੀਮ ਨੇ ਵੀ ਵਿਕਟੋਰੀਆ ਹਾਕੀ ਲੀਗ ਵਿੱਚ ਆਪਣੀ ਚੜ੍ਹਤ ਪੂਰੀ ਤਰਾਂ ਬਰਕਰਾਰ ਰੱਖੀ ਹੈ। ਸਿੱਖ ਯੂਨਾਈਟਡ ਕਲੱਬ ਦੇ ਅਣਥੱਕ ਯਤਨਾਂ, ਉਦਮ, ਉਪਰਾਲਿਆਂ, ਸਖ਼ਤ ਮਿਹਨਤ, ਲਗਨ, ਪ੍ਰਾਪਤੀਆਂ ਤੋਂ ਸਹਿਜੇ ਹੀ ਅੰਦਾਜ਼ਾ ਲਗਦਾ ਹੈ ਕਿ ਉਹ ਦਿਨ ਹੁਣ ਦੂਰ ਨਹੀਂ ਕਿ ਜਦੋਂ ਕੋਈ ਨਾ ਕੋਈ ਪੰਜਾਬੀ ਖ਼ਿਡਾਰੀ ਖਾਸ ਕਰਕੇ ਸਿੱਖ ਭਾਈਚਾਰੇ ਵਿਚੋਂ ਆਸਟਰੇਲੀਆ ਹਾਕੀ ਟੀਮ ਦੀ ਨੁਮਾਇੰਦਗੀ ਕਰੇਗਾ ਅਤੇ ਸਿੱਖ ਕੌਮ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰੇਗਾ। ਪ੍ਰਮਾਤਮਾ ਪੰਜਾਬੀਆਂ ਦੀ ਮਿਹਨਤ ਨੂੰ ਜਲਦੀ ਬੂਰ ਪਾਵੇ । ਰੱਬ ਰਾਖਾ!

You May Also Like