ਇਟਲੀ ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਰੂਪਨਗਰ, 17 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਦੇ ਮੌਤ ਦੀਆਂ ਖਬਰਾਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਪੜ੍ਹਨ ਨੂੰ ਮਿਲਦੀ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਪਿੰਡ ਭੰਗਲਾ ਮਹਿੰਦਪੁਰ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਨੌਜਵਾਨ ਦੀ ਇਟਲੀ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਰਾਕੇਸ਼ ਅਜੇ ਵਿਆਹ ਕਰਵਾ ਕੇ 20 ਦਿਨ ਪਹਿਲਾਂ ਹੀ ਇਟਲੀ ਗਿਆ ਸੀ ਜਿਥੇ ਉਸ ਨਾਲ ਸੜਕ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ। ਬੀਤੇ ਦਿਨੀਂ ਰਾਕੇਸ਼ ਸਾਈਕਲ ‘ਤੇ ਕੰਮ ਲਈ ਜਾ ਰਿਹਾ ਸੀ ਕਿ ਇਕ ਕਾਰ ਦੀ ਟੱਕਰ ਵੱਜਣ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਰਾਕੇਸ਼ ਕੁਮਾਰ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਅਤੇ ਗੋਲਕ ’ਚ ਰੱਖੇ ਪੈਸੇ ਨੂੰ ਲੈ ਕੇ ਹੋਈ ਝੜਪ

ਖਬਰ ਹੈ ਕਿ ਜਿਸ ਕਾਰ ਨਾਲ ਰਾਕੇਸ਼ ਕੁਮਾਰ ਨੂੰ ਫੇਟ ਵੱਜੀ ਉਸ ਨੂੰ ਕੋਈ ਇਟਾਲੀਅਨ ਬਜ਼ੁਰਗ ਚਲਾ ਰਿਹਾ ਸੀ। ਜਿਵੇਂ ਹੀ ਸੁਰੱਖਿਆ ਕਰਮਚਾਰੀ ਤੇ ਪੁਲਿਸ ਅਧਿਕਾਰੀ ਨੂੰ ਘਟਨਾ ਬਾਰੇ ਪਤਾ ਲੱਗਾ ਉਹ ਰਾਕੇਸ਼ ਨੂੰ ਹਸਪਤਾਲ ਲੈ ਗਏ ਪਰ ਉਥੇ ਡਾਕਟਰਾਂ ਵੱਲੋਂ ਰਾਕੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਾਕੇਸ਼ ਲਗਭਗ 10 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਉਸ ਦਾ ਸੁਪਨਾ ਸੀ ਕਿ ਉਹ ਇਟਲੀ ਵਿਚ ਜਾ ਕੇ ਪੈਸੇ ਕਮਾਏਗਾ ਤੇ ਘਰ ਦੀ ਆਰਥਿਕ ਸਥਿਤੀ ਸੁਧਾਰੇਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪੁੱਤਰ ਦੀ ਇਸ ਬੇਵਕਤੀ ਮੌਤ ਨਾਲ ਪੂਰੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ ਤੇ ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।

You May Also Like