ਕਪੂਰਥਲਾ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ ਕਸਬਾ ਢਿੱਲਵਾਂ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕਬੱਡੀ ਖਿਡਾਰੀ ਨੂੰ ਬੁਰੀ ਤਰ੍ਹਾਂ ਵੱਢ ਕੇ ਉਸਦੇ ਘਰ ਦੇ ਬਾਹਰ ਸੁੱਟ ਦਿੱਤਾ, ਜਿਥੇ ਜ਼ਖਮਾ ਦੀ ਤਾਬ ਨਾ ਝੱਲਦਿਆ ਉਸਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਢਿਲਵਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਨਾਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਢਿੱਲਵਾਂ, ਪੱਤੀ ਲਾਧੂ ਕੀ ਨੇ ਦੱਸਿਆ ਕਿ ਮੇਰਾ ਲੜਕਾ ਹਰਦੀਪ ਸਿੰਘ ਉਰਫ ਦੀਪਾ ਖੇਤੀਬਾੜੀ ਕਰਦਾ ਹੈ। ਮੇਰੇ ਲੜਕੇ ਹਰਦੀਪ ਸਿੰਘ ਉਰਫ ਦੀਪਾ ਦਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੰਗਲਜੀਤ ਸਿੰਘ ਵਾਸੀ ਢਿੱਲਵਾਂ, ਪੱਤੀ ਲਾਧੂ ਕੀ, ਥਾਣਾ ਢਿੱਲਵਾਂ ਨਾਲ ਅਕਸਰ ਝਗੜਾ ਰਹਿੰਦਾ ਸੀ, ਜਿਸ ਕਰ ਕੇ ਮੇਰੇ ਲੜਕੇ ਦੇ ਖਿਲਾਫ ਥਾਣਾ ਢਿੱਲਵਾਂ ਵਿਖੇ ਮੁਕੱਦਮੇ ਦਰਜ ਹਨ ਅਤੇ ਗ੍ਰਿਫਤਾਰੀ ਦੇ ਡਰ ਕਾਰਨ ਉਹ ਤੋਂ ਘਰ ਤੋਂ ਬਾਹਰ ਰਹਿੰਦਾ ਸੀ। ਇਸ ਦੋਰਾਨ ਬੀਤੀ 19 ਸਤੰਬਰ ਨੂੰ ਮੇਰਾ ਲੜਕਾ ਕਾਫੀ ਦਿਨਾਂ ਬਾਅਦ ਸ਼ਾਮ ਨੂੰ 5 ਵਜੇ ਘਰ ਆਇਆ ਤਾਂ ਘਰੋਂ ਬੈਂਕ ਦੀ ਕਾਪੀ ਲੈ ਕੇ ਚਲਾ ਗਿਆ।
ਫਿਰ ਰਾਤ ਕਰੀਬ 10:30 ਵਜੇ ਸਾਡੇ ਘਰ ਦਾ ਕਿਸੇ ਨੇ ਗੇਟ ਭੰਨਿਆਂ ਤੇ ਬਾਹਰੋਂ ਉਚੀ-ਉਚੀ ਚੀਕਾਂ ਦੀਆਂ ਅਵਾਜਾਂ ਆਈਆਂ ਤਾਂ ਮੈਂ ਆਪਣੀ ਪਤਨੀ ਕੁਲਵੰਤ ਕੌਰ ਨੂੰ ਨਾਲ ਲੈ ਕੇ ਘਰ ਵਿੱਚ ਬਣੇ ਫਲੱਸ਼ ਦੇ ਗਟਰ ਉਪਰ ਚੜ ਕੇ ਕੰਧ ਉਪਰ ਦੀ ਦੇਖਿਆ ਬਾਹਰ ਬੱਲਬ ਜਗ ਰਹੇ ਸਨ ਤੇ ਕਾਫੀ ਰੌਸ਼ਨੀ ਸੀ। ਵੇਖਿਆ ਕਿ ਸਾਡੇ ਘਰ ਦੇ ਬਾਹਰ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸ ਨਾਲ 4/5 ਹੋਰ ਲੜਕੇ ਸਨ ਜੋ ਲਲਕਾਰੇ ਮਾਰ ਕੇ ਕਹਿੰਦੇ ਕਿ ਅੱਜ ਅਸੀਂ ਤੁਹਾਡੇ ਮੁੰਡੇ ਨੂੰ ਵੱਢ ਕੇ ਉਸਦਾ ਕੰਮ ਕੱਢ ਦਿੱਤਾ ਹੈ, ਆ ਚੱਕ ਲਵੋ ਆਪਣਾ ਸ਼ੇਰ ਪੁੱਤਰ ਤਾਂ ਇਹ ਸਾਰੇ ਜਾਣੇ ਲਲਕਾਰੇ ਮਾਰਦੇ ਹੋਏ ਉਥੋਂ ਚਲੇ ਗਏ। ਅਸੀਂ ਗੇਟ ਖੋਲ੍ਹ ਕੇ ਬਾਹਰ ਗਲੀ ਵਿੱਚ ਜਾ ਕੇ ਦੇਖਿਆ ਕਿ ਮੇਰਾ ਲੜਕਾ ਹਰਦੀਪ ਸਿੰਘ ਉਰਫ ਦੀਪਾ ਜ਼ਖਮੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਮੈਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸਦੇ ਸਾਥੀਆਂ ਨੇ ਦਾਤਰ ਕਿਰਪਾਨਾਂ ਨਾਲ ਵੱਢਿਆ ਹੈ। ਇਸ ਦੌਰਾਨ ਸਵਾਰੀ ਦਾ ਪ੍ਰਬੰਧ ਕਰ ਕੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਲੈ ਕੇ ਗਏ ਜਿਥੇ ਡਿਊਟੀ ਡਾਕਟਰਾਂ ਨੇ ਮੇਰੇ ਲੜਕੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਥਾਣਾ ਢਿਲਵਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਤੇ ਲਾਸ਼ ਮੋਰਚਰੀ ’ਚ ਰੱਖਵਾਈ ਗਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਵੇਗਾ ਉਦੋਂ ਤੱਕ ਥਾਣਾ ਢਿੱਲਵਾਂ ਦੇ ਬਾਹਰ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਡੀਐੱਸਪੀ ਭੁਲੱਥ ਭਰਤ ਭੂਸ਼ਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ’ਤੇ ਐਕਸ਼ਨ ਲੈਂਦੇ ਹੋਏ ਅਰੋਪੀਆਂ ਦੀ ਭਾਲ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਅਰੋਪੀ ਸਲਾਖਾ ਦੇ ਪਿੱਛੇ ਹੋਣਗੇ।