ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ

 (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਸਾਗਰਾ ਦੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਗਿਆ ਜਦੋਂ ਜਨਮਦਿਨ ਵਾਲੇ ਦਿਨ 24 ਸਾਲਾ ਨੌਜਵਾਨ ਦੀ ਕੈਨੇਡਾ ‘ਚ ਵਾਪਰੇ ਇਕ ਸੜਕ ਹਾਦਸੇ ‘ਚ ਦੁਖਦਾਈ ਮੌਤ ਹੋ ਗਈ ਹੈ।‌‌ ਹਾਦਸਾ ਇੰਨਾ ਭਿਆਨਕ ਦੱਸਿਆ ਜਾ ਰਿਹਾ ਹੈ ਕਿ ਟਰਾਲੇ ‘ਚ ਸਵਾਰ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਸੜ ਕੇ ਸੁਆਹ ਹੋ ਗਈਆਂ। ਦੂਜਾ ਨੌਜਵਾਨ ਕੇਰਲਾ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਗੁਰਪਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 2017 ‘ਚ ਪੜ੍ਹਨ ਲਈ ਕੈਨੇਡਾ ਗਿਆ ਸੀ ਤੇ ਪੜ੍ਹਾਈ ਪੂਰੀ ਕਰਨ ਉਪਰੰਤ ਉਹ ਪਿਛਲੇ ਕਰੀਬ ਚਾਰ ਸਾਲ ਤੋਂ ਟਰੱਕ ਚਲਾ ਰਿਹਾ ਸੀ। ‌

ਬੀਤੇ ਐਤਵਾਰ ਉਹ ਓਂਟਾਰੀਓ ਤੋਂ ਲੋਡ ਖਾਲੀ ਕਰ ਕੇ ਮਿਸੀਸਾਗਾ ਦੋਸਤਾਂ ਨਾਲ ਜਨਮਦਿਨ ਮਨਾਉਣ ਤੋਂ ਬਾਅਦ ਆਪਣੇ ਘਰ ਨੂੰ ਆ ਰਿਹਾ ਸੀ। ਮਿਸੀਸਾਗਾ ਤੋਂ ਕਰੀਬ 700 ਕਿਲੋਮੀਟਰ ਪਹਿਲਾਂ ਰਾਤ ਕਰੀਬ ਸਾਢੇ ਤਿੰਨ ਵਜੇ ਸਾਹਮਣਿਓਂ ਆ ਰਹੇ ਟਰਾਲੇ ਨੇ ਉਸਦੇ ਟਰਾਲੇ ‘ਚ ਟੱਕਰ ਮਾਰੀ। ਟੱਕਰ ਸਿੱਧੀ ਤੇਲ ਵਾਲੇ ਟੈਂਕਰ ਨਾਲ ਹੋਣ ਕਰਕੇ ਜ਼ੋਰਦਾਰ ਧਮਾਕਾ ਹੋਇਆ ਤੇ ਟਰਾਲੇ ਨੂੰ ਅੱਗ ਲੱਗ ਗਈ ਜਿਸ ਵਿਚ ਉਸ ਦਾ ਲੜਕਾ ਗੁਰਪਿੰਦਰ ਸਿੰਘ ਤੇ ਉਸ ਦਾ ਸਹਾਇਕ ਜੋ ਕੇਰਲਾ ਦਾ ਰਹਿਣ ਵਾਲਾ ਸੀ, ਅੱਗ ਦੀ ਲਪੇਟ ‘ਚ ਆ ਗਏ। ਉਨ੍ਹਾਂ ਦੱਸਿਆ ਕਿ ਜਾਣਕਾਰਾਂ ਤੋਂ ਮਿਲੀ ਸੂਚਨਾ ਮੁਤਾਬਕ ਅੱਗ ‘ਤੇ ਕਰੀਹ 18 ਘੰਟੇ ਬਾਅਦ ਕਾਬੂ ਪਾਇਆ ਗਿਆ ਜਿਸ ਕਾਰਨ ਉਕਤ ਦੋਵੇਂ ਨੌਜਵਾਨ ਟਰਾਲੇ ‘ਚ ਹੀ ਸੜ ਕੇ ਸੁਆਹ ਹੋ ਗਏ।

You May Also Like