ਹੁਸ਼ਿਆਰਪੁਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਤ ਦੀ ਖਬਰ ਤੋਂ ਸੁਣਦੇ ਹੀ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪੂਰਾ ਪਰਿਵਾਰ ਇਸ ਖਬਰ ਨਾਲ ਸਦਮੇ ‘ਚ ਹੈ। ਮ੍ਰਿਤਕ ਨੌਜਵਾਨ 23 ਸਾਲਾਂ ਕਰਨਵੀਰ ਸਿੰਘ ਪਿੰਡ ਘੋਗੜਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਆਪਣੀ ਮਾਂ ਦਾ ਇੱਕੋ-ਇੱਕ ਸਹਾਰਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਨੌਜਵਾਨ ਦੇ ਚਾਚਾ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਰਨਵੀਰ ਸਿੰਘ ਬਾਜਵਾ 4 ਸਾਲਾਂ ਤੋਂ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਮੇਰੇ ਛੋਟੇ ਭਰਾ ਦੇ ਮੁੰਡੇ ਵੀ ਕੈਨੇਡਾ ਵਿੱਚ ਸਨ। ਜਿੱਥੇ ਚਾਰ ਸਾਲਾਂ ਬਾਅਦ ਇਹ ਸਾਰੇ ਭਰਾ ਟੋਰਾਂਟੋ ਸ਼ਹਿਰ ਵਿੱਚ ਇਕੱਠੇ ਹੋਏ। ਸਵੇਰੇ ਜਦੋਂ ਕਰਨਵੀਰ ਨੂੰ ਜਗਾਇਆ ਤਾਂ ਕਰਨਵੀਰ ਨਹੀਂ ਉਠਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਗਰੋਂ ਸਵੇਰੇ ਘਰੋਂ ਪੁੱਤਰਾਂ ਦਾ ਫੋਨ ਆਇਆ ਕਿ ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ। ਖਬਰ ਸੁਣਦਿਆਂ ਹੀ ਜਿਵੇਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਰਨਵੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਅਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।