ਅੰਮ੍ਰਿਤਸਰ, 3 ਨਵੰਬਰ (ਐੱਸ.ਪੀ.ਐਨ ਬਿਊਰੋ) – ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ, ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ ਅਤੇ ਸੂਬਾ ਜਨਰਲ ਸਕੱਤਰ ਡੀ.ਸੀ.ਠਾਕੁਰ ਨੇ ਇਕ ਪ੍ਰੈੱਸ ਬਿਆਨ ਵਿਚ ਕੈਨੇਡਾ ਵੱਲੋਂ ਭਾਰਤ ਨੂੰ ਸਾਈਬਰ ਦੁਸ਼ਮਣ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤੇ ਜਾਣ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗਾ ਫੈਸਲਾ ਹੈ ! ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਹਰ ਸਾਲ ਭਾਰਤ ਤੋਂ ਲੱਖਾਂ ਵਿਦਿਆਰਥੀ ਕਰੋੜਾਂ ਰੁਪਏ ਖਰਚ ਕਰਕੇ ਕੈਨੇਡਾ ਪੜ੍ਹਨ ਲਈ ਜਾਂਦੇ ਹਨ, ਜਿਸ ਨਾਲ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਕੈਨੇਡਾ ਵੱਲੋਂ ਲਾਏ ਕਥਿਤ ਦੋਸ਼ਾਂ ‘ਤੇ ਸਖ਼ਤ ਰੋਸ ਪ੍ਰਗਟ ਕੀਤਾ।
ਡਿੰਪੀ ਚੌਹਾਨ ਅਤੇ ਅਨੁਜ ਖੇਮਕਾ ਨੇ ਕਿਹਾ ਕਿ ਭਾਰਤ ਇੱਕ ਸੁਪਰ ਪਾਵਰ ਪਰਮਾਣੂ ਸੰਪਨ ਵਾਲਾ ਦੇਸ਼ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਨਾਲ ਦੁਨੀਆ ਦੇ ਸਾਰੇ ਦੇਸ਼ ਭਾਰਤ ਨਾਲ ਸਲਾਹ ਕਰਕੇ ਅੱਗੇ ਵੱਧ ਰਹੇ ਹਨ। ਪਰ ਕੈਨੇਡਾ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਜਸਟਿਨ ਟਰੂਡੋ ਦੀ ਪਾਰਟੀ ਕੁੱਝ ਅਤੇ ਅਖੌਤੀ ਭਾਰਤ ਵਿਰੋਧੀ ਲੋਕਾਂ ਨੂੰ ਖੁਸ਼ ਕਰਨ ਲਈ ਅਜਿਹੇ ਅਤਿ ਨਿੰਦਣਯੋਗ ਕਦਮ ਚੁੱਕ ਰਹੀ ਹੈ! ਉਨ੍ਹਾਂ ਕਿਹਾ ਕਿ ਜੇਕਰ ਭਾਰਤ ਤੋਂ ਵਿਦਿਆਰਥੀ ਆਉਣਾ ਬੰਦ ਕਰ ਦਿੱਤਾ ਤਾਂ ਕੈਨੇਡਾ ਦੀ ਆਰਥਿਕਤਾ ਢਹਿ ਢੇਰੀ ਹੋ ਜਾਵੇਗੀ! ਡਿੰਪੀ ਚੌਹਾਨ ਨੇ ਕਿਹਾ ਕਿ ਰਾਸ਼ਟਰੀ ਹਿੰਦੂ ਚੇਤਨਾ ਮੰਚ ਇਸ ਭਾਰਤ ਵਿਰੋਧੀ ਫੈਸਲੇ ‘ਤੇ ਜਲਦ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪੁਤਲਾ ਫੂਕੇਗਾ।