ਖੰਨਾ ਚ ਇੱਕ ਸਕੂਲ ਵੈਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਹਾਦਸੇ ਵਿੱਚ 5 ਸਾਲਾ ਬੱਚੇ ਦੀ ਮੌਤ

ਖੰਨਾ, 13 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ)  – ਪੰਜਾਬ ਦੇ ਖੰਨਾ ਦੇ ਪਿੰਡ ਲੋਪੋਂ ਨੇੜੇ ਇੱਕ ਸਕੂਲ ਵੈਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 5 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਬੱਚੇ ਦੀ ਮਾਂ ਅਤੇ ਮਾਮਾ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਦੋਸ਼ੀ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਖਬਰ ਪੜੋ : ਸਰਕਾਰੀ ਸਕੂਲਾਂ ਅੰਦਰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਉਠਾਉਣ ਮਾਪੇ : ਕੁੰਵਰ ਵਿਜੇ ਪ੍ਰਤਾਪ

ਖੰਨਾ ਦੇ ਮਲੇਰਕੋਟਲਾ ਰੋਡ ‘ਤੇ ਸ਼ਿਵ ਮੰਦਰ ਨੇੜੇ ਰਹਿਣ ਵਾਲੀ ਔਰਤ ਤਰਨਜੀਤ ਕੌਰ ਆਪਣੇ ਬੱਚੇ ਯਸ਼ਰਾਜ ਸਮੇਤ ਲੋਪੋਂ ਸਥਿਤ ਆਪਣੇ ਨਾਨਕੇ ਘਰ ਆਈ ਹੋਈ ਸੀ। ਸੋਮਵਾਰ ਸਵੇਰੇ ਇੰਦਰਜੀਤ ਸਿੰਘ ਆਪਣੀ ਭੈਣ ਤਰਨਜੀਤ ਕੌਰ ਅਤੇ ਭਤੀਜੇ ਯਸ਼ਰਾਜ ਨੂੰ ਖੰਨਾ ਛੱਡਣ ਜਾ ਰਿਹਾ ਸੀ। ਤਿੰਨੋਂ ਬਾਈਕ ‘ਤੇ ਘਰੋਂ ਨਿਕਲੇ ਸਨ। ਉਹ ਅਜੇ ਪਿੰਡ ਦੇ ਬਾਹਰ ਪਹੁੰਚੇ ਹੀ ਸਨ ਕਿ ਇੱਕ ਸਕੂਲ ਦੀ ਵੈਨ ਨੇ ਉਨ੍ਹਾਂ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ‘ਚ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਮਰਾਲਾ ਥਾਣੇ ਦੇ SHO ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਵੈਨ ਡ੍ਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਵੈਨ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਦੌਰਾਨ ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

You May Also Like