ਖੰਨਾ, 16 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਖੰਨਾ ਵਿਖੇ ਮਲੇਰਕੋਟਲਾ ਰੋਡ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ‘ਤੇ ਜਾ ਰਹੇ ਇਨ੍ਹਾਂ ਨੌਜਵਾਨਾਂ ਨੂੰ ਕੈਂਟਰ ਨੇ ਟੱਕਰ ਮਾਰੀ। ਮ੍ਰਿਤਕਾਂ ਦੀ ਪਛਾਣ ਹਰਪਾਲ ਸਿੰਘ ਕਾਲੂ (24) ਅਤੇ ਹਰਪ੍ਰੀਤ ਸਿੰਘ ਪ੍ਰੀਤ ਵਾਸੀ ਸੰਘੇੜਾ (ਬਰਨਾਲਾ) ਵਜੋਂ ਹੋਈ। ਜਾਣਕਾਰੀ ਅਨੁਸਾਰ ਹਰਪਾਲ ਅਤੇ ਹਰਪ੍ਰੀਤ ਦੋਵੇਂ ਗੁਆਂਢੀ ਸਨ।
ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (16 ਨਵੰਬਰ 2023)
ਉਹ ਖੰਨਾ ਵਿਖੇ ਮਲੇਰਕੋਟਲਾ ਰੋਡ ’ਤੇ ਗੁਰੂ ਨਾਨਕ ਸਟੀਲ ਵਰਕਰਜ਼ ‘ਚ ਕੰਮ ਕਰਦੇ ਸੀ। ਜਦੋਂ ਦੋਵੇਂ ਮੋਟਰਸਾਈਕਲ ‘ਤੇ ਜਾ ਰਹੇ ਸਨ ਤਾਂ ਇਕ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਗੰਭੀਰ ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਾਇਆ ਗਿਆ। ਹਸਪਤਾਲ ਪਹੁੰਚਣ ਤੋਂ ਕੁੱਝ ਦੇਰ ਬਾਅਦ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਹਰਪਾਲ ਸਿੰਘ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿਤਾ ਗਿਆ। ਹਰਪਾਲ ਨੂੰ ਲੈ ਕੇ ਜਦੋਂ ਐਂਬੂਲੈਂਸ ਮੰਡੀ ਗੋਬਿੰਦਗੜ੍ਹ ਪਹੁੰਚੀ ਤਾਂ ਉਥੇ ਉਸ ਦੀ ਮੌਤ ਹੋ ਗਈ। ਖੰਨਾ ਦੇ ਥਾਣਾ ਸਿਟੀ 2 ਵਿਖੇ ਮ੍ਰਿਤਕ ਹਰਪਾਲ ਸਿੰਘ ਦੇ ਪਿਤਾ ਦਾਰਾ ਸਿੰਘ ਵਾਸੀ ਬਰਨਾਲਾ ਦੀ ਸ਼ਿਕਾਇਤ ’ਤੇ ਕੈਂਟਰ ਡਰਾਈਵਰ ਅਫਜ਼ਾਲ ਵਾਸੀ ਖਾਨਪੁਰ ਗੁੱਜਰ ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਵਿਰੁਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਦਸੇ ਨੂੰ ਅੰਜਾਮ ਦੇਣ ਵਾਲੇ ਕੈਂਟਰ ਨੂੰ ਥਾਣੇ ਬੰਦ ਕਰਕੇ ਅਗਲੀ ਜਾਂਚ ਆਰੰਭੀ ਗਈ ਹੈ।