ਖੰਨਾ, 25 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਖੰਨਾ ‘ਚ ਜਾਇਦਾਦ ਦੇ ਝਗੜੇ ਕਾਰਨ ਬੇਟੇ ਨੇ ਅਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਇੰਨਾ ਹੀ ਨਹੀਂ ਕਾਤਲ ਨੇ ਅਪਣੇ ਭਰਾ ‘ਤੇ ਵੀ ਜਾਨਲੇਵਾ ਹਮਲਾ ਕਰ ਦਿਤਾ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ (77) ਵਜੋਂ ਹੋਈ ਹੈ। ਬਲਜੀਤ ਕੌਰ ਦੇ ਪੁੱਤਰ ਜੰਗ ਸਿੰਘ ਨੇ ਦਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਅਪਣੇ ਹੀ ਪਿੰਡ ਵਿਚ ਕੀਰਤ ਵੈਸ਼ਨੋ ਢਾਬੇ ’ਤੇ ਕੰਮ ਕਰ ਰਿਹਾ ਹੈ। ਉਹ ਅਪਣੀ ਮਾਂ ਨਾਲ ਢਾਬੇ ‘ਤੇ ਮੌਜੂਦ ਸੀ ਅਤੇ ਇਸੇ ਦੌਰਾਨ ਉਸ ਦਾ ਭਰਾ ਪਰਮਿੰਦਰ ਸਿੰਘ ਆ ਗਿਆ। ਉਸ ਨੇ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਪਰਮਿੰਦਰ ਨੇ ਢਾਬੇ ਦੀ ਬਿਜਲੀ ਬੰਦ ਕਰ ਦਿਤੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਪਰਮਿੰਦਰ ਨੇ ਧੱਕਾ-ਮੁੱਕੀ ਸ਼ੁਰੂ ਕਰ ਦਿਤੀ।
ਇਹ ਵੀ ਪੜ੍ਹੋ: ਵਿਜੀਲੈਂਸ ਨੇ ਏ.ਐਸ.ਆਈ ਨੂੰ 17,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਇਸ ਦੌਰਾਨ ਜਦੋਂ ਉਸ ਦੀ ਮਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ‘ਚ ਆਏ ਪਰਮਿੰਦਰ ਸਿੰਘ ਨੇ ਮਾਂ ਦੇ ਪੇਟ ‘ਚ ਚਾਕੂ ਨਾਲ ਕਈ ਹਮਲੇ ਕਰਕੇ ਜ਼ਖਮੀ ਕਰ ਦਿਤਾ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜਖ਼ਮੀ ਮਾਂ ਅਤੇ ਜੰਗ ਸਿੰਘ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ। ਬਲਜੀਤ ਕੌਰ ਦੀ ਹਾਲਤ ਨਾਜ਼ੁਕ ਸੀ ਜਿਸ ਕਰਕੇ ਚੰਡੀਗੜ੍ਹ ਰੈਫਰ ਕੀਤਾ ਗਿਆ।
ਇਹ ਵੀ ਪੜ੍ਹੋ: ਜਨਵਰੀ ਮਹੀਨੇ ਦਿੱਲੀ ਕਮੇਟੀ ਦੀ ਕਾਰਜਕਾਰਨੀ ਵਿੱਚ ਕੋਈ ਅਹੁਦਾ ਨਾ ਮਿਲਣ ਤੋਂ ਬਾਅਦ ਸਰਨੇ ਤੇ ਬਾਦਲਾਂ ਦਾ ਤਲਾਕ ਯਕੀਨੀ ਹੈ : ਭੋਮਾ
ਉੱਥੇ ਬਲਜੀਤ ਕੌਰ ਨੇ ਇਲਾਜ ਦੌਰਾਨ ਦਮ ਤੋੜ ਦਿਤਾ। ਡੀ.ਐਸ.ਪੀ. ਰਾਜੇਸ਼ ਸ਼ਰਮਾ ਨੇ ਦਸਿਆ ਕਿ ਪੁਲਿਸ ਨੇ ਹਮਲੇ ਵਿਚ ਜ਼ਖ਼ਮੀ ਹੋਏ ਜੰਗ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਰਮਿੰਦਰ ਸਿੰਘ ਵਿਰੁਧ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਕਤਲ ਅਤੇ ਇਰਾਦਾ-ਏ-ਕਤਲ ਦੀਆਂ ਦੋਵੇਂ ਧਾਰਾਵਾਂ ਲਗਾਈਆਂ ਗਈਆਂ ਹਨ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।