ਖੰਨਾ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਖੰਨਾ ‘ਚ 12 ਸਾਲਾ ਬੱਚੇ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਬੱਚਾ ਅਪਣੇ ਘਰ ਵਿਚ ਇਕੱਲਾ ਸੀ। ਇਸ ਦੌਰਾਨ ਉਸ ਨੇ ਪੱਖੇ ਨਾਲ ਫਾਹਾ ਲੈ ਲਿਆ। ਜਦੋਂ ਤਕ ਬੱਚੇ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਪ੍ਰਵਾਰ ਵਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਟੀ.ਵੀ. ‘ਤੇ ਅਜਿਹਾ ਦ੍ਰਿਸ਼ ਦੇਖ ਕੇ ਬੱਚੇ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਦਸਿਆ ਜਾ ਰਿਹਾ ਹੈ ਕਿ ਪਿੰਡ ਇਕੋਲਾਹਾ ਦਾ ਇਹ ਪ੍ਰਵਾਰ ਗੱਦੇ ਦੀ ਫੈਕਟਰੀ ਵਿਚ ਕੰਮ ਕਰਦਾ ਹੈ। ਰੰਗੋਈ ਨਾਂਅ ਦਾ ਇਹ ਬੱਚਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਅਪਣੀ ਭੈਣ ਅਤੇ ਜੀਜਾ ਨਾਲ ਰਹਿੰਦਾ ਸੀ। ਮ੍ਰਿਤਕ ਦੇ ਜੀਜਾ ਰੱਜੂ ਨੇ ਦਸਿਆ ਕਿ ਉਸ ਦੇ ਸਹੁਰੇ ਅਤੇ ਸੱਸ ਦੀ ਮੌਤ ਹੋ ਚੁੱਕੀ ਹੈ। ਉਸ ਦਾ ਸਾਲਾ ਰੰਗੋਈ ਸੁਲਤਾਨਪੁਰ, ਉੱਤਰ ਪ੍ਰਦੇਸ਼ ਵਿਚ ਇਕੱਲਾ ਰਹਿੰਦਾ ਸੀ। ਇਸ ਲਈ ਰੱਖੜੀ ‘ਤੇ ਉਸ ਦੀ ਪਤਨੀ ਅਪਣੇ ਭਰਾ ਨੂੰ ਪਿੰਡ ਤੋਂ ਇਥੇ ਲੈ ਕੇ ਆਈ ਸੀ। ਬੀਤੀ ਰਾਤ ਜਦੋਂ ਉਹ ਕੰਮ ਤੋਂ ਵਾਪਸ ਪਰਤਿਆ ਤਾਂ ਘਰ ਵਿਚ ਬੱਚੇ ਨੂੰ ਪੱਖੇ ਨਾਲ ਲਟਕਦਾ ਦੇਖਿਆ। ਇਸ ਮੌਕੇ ਉਸ ਦਾ 5 ਸਾਲਾ ਬੇਟਾ ਵੀ ਘਰ ‘ਚ ਸੀ। ਸਿਵਲ ਹਸਪਤਾਲ ਵਿਖੇ ਫੋਰੈਂਸਿਕ ਮਾਹਰ ਡਾਕਟਰ ਗੁਰਵਿੰਦਰ ਸਿੰਘ ਕੱਕੜ ਨੇ ਦਸਿਆ ਕਿ ਬੀਤੀ ਰਾਤ ਪੁਲਿਸ ਬੱਚੇ ਦੀ ਲਾਸ਼ ਲੈ ਕੇ ਹਸਪਤਾਲ ਆਈ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿਤਾ ਗਿਆ ਹੈ।
ਖੰਨਾ ‘ਚ 12 ਸਾਲਾਂ ਬੱਚੇ ਵੱਲੋਂ ਖੁਦਕੁਸ਼ੀ
