ਗੁਰਦਾਸਪੁਰ ਚ ਇਕ ਤੇਜ਼ ਰਫਤਾਰ ਟਰਾਲੇ ਨੇ ਕੁਚਲੇ ਰੇਹੜੀ ਵਾਲੇ, ਤਿੰਨ ਦੀ ਮੌਤ

ਗੁਰਦਾਸਪੁਰ, 27 ਅਗਸਤ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੁਰਦਾਸਪੁਰ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ। ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ‘ਤੇ ਪਿੰਡ ਚਾਵਾ ਨੇੜੇ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਦੇਰ ਰਾਤ ਬੇਕਾਬੂ ਟਰਾਲੇ ਚਾਲਕ ਨੇ ਕਈ ਰੇਹੜੀ ਵਾਲਿਆਂ ਨੂੰ ਕੁਚਲ ਦਿੱਤਾ। ਟਰਾਲਾ ਇੰਨਾ ਤੇਜ਼ ਰਫਤਾਰ ਸੀ ਕਿ ਰੇਹੜੀ ਵਾਲਿਆਂ ਨੂੰ ਕੁਚਲਣ ਮਗਰੋਂ ਦੋ ਦੁਕਾਨ ਅੰਦਰ ਜਾ ਵੜਿਆ। ਘਟਨਾ ਵਿੱਚ ਦੋਵੇਂ ਦੁਕਾਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਸਲ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਤਿੰਨ ਗੰਭੀਰ ਜ਼ਖ਼ਮੀਆਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਚਸ਼ਮਦੀਦਾਂ ਮੁਤਾਬਕ ਇਹ ਘਟਨਾ ਦੇਰ ਰਾਤ ਵਾਪਰੀ। ਸੜਕ ਦੇ ਕਿਨਾਰੇ ਕਈ ਸਬਜ਼ੀਆਂ ਦੇ ਸਟਾਲ ਲੱਗੇ ਹੋਏ ਸਨ। ਬੇਕਾਬੂ ਟਰਾਲੇ ਨੇ ਪਹਿਲਾਂ ਰੇਹੜੀ ਵਾਲਿਆਂ ਨੂੰ ਲਪੇਟ ਵਿੱਚ ਲਿਆ ਤੇ ਫਿਰ ਸੜਕ ਕਿਨਾਰੇ ਦੋ ਦੁਕਾਨਾਂ ਵਿੱਚ ਜਾ ਵੜਿਆ। ਇਹ ਹਾਦਸੇ ਵਿੱਚ ਜਿਨ੍ਹਾਂ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ, ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਨੰਗਲ ਤੇ ਕਿਰਨ ਦਾਸ ਪਰਵਾਸੀ ਮਜ਼ਦੂਰ ਵਜੋਂ ਹੋਈ ਹੈ। ਲੋਕਾਂ ਅਨੁਸਾਰ ਉਕਤ ਟਰਾਲਾ ਚਾਲਕ ਨਸ਼ੇ ਵਿੱਚ ਸੀ। ਲੋਕਾਂ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਉੱਥੇ ਹੀ ਮੌਕੇ ‘ਤੇ ਪਹੁੰਚੇ ਐਸਪੀ ਨਵਜੋਤ ਸਿੰਘ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਟਰਾਲੇ ਨੂੰ ਕਬਜ਼ੇ ‘ਚ ਲੈ ਕੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

You May Also Like