ਅੰਮ੍ਰਿਤਸਰ 8 ਸਿਤੰਬਰ (ਰਾਜੇਸ਼ ਡੈਨੀ) – ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਬਾਠ (ਸਾਬਕਾ ਆਈ.ਏ.ਐਸ.) ਨੇ ਗੁਰਦੁਆਰਾ ਪ੍ਰਬੰਧ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਗੁਰਦੁਆਰਾ ਬੋਰਡ ਦੇ ਸੁਪਰਡੈਂਟ ਸ੍ਰ. ਠਾਨ ਸਿੰਘ ਬੁੰਗਈ ਅਤੇ ਸਮੂਹ ਸਹਾਇਕ ਸੁਪਰਡੈਂਟਸ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ । ਇਸ ਮੀਟਿੰਗ ਵਿੱਚ ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਜ਼ੁੰਮੇਵਾਰੀ ਤੇ ਸੇਵਾ ਭਾਵ ਨਾਲ ਗੁਰੂ ਘਰ ਵਿੱਚ ਸੇਵਾਵਾਂ ਨਿਭਾਉਣ ਲਈ ਸਖਤ ਹਦਾਇਤਾਂ ਕੀਤੀਆਂ ਅਤੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਦੀ ਸੂਰਤ ਵਿੱਚ ਸੰਬੰਧਤ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ।
ਆਪਣੀ ਇਸ ਫੇਰੀ ਦੌਰਾਨ ਡਾ. ਵਿਜੇ ਸਤਬੀਰ ਸਿੰਘ ਨੇ ਬਿਰਧ ਆਸ਼ਰਮ, ਦਸਮੇਸ਼ ਹਸਪਤਾਲ, ਸੱਚਖੰਡ ਪਬਲਿਕ ਸਕੂਲ ਤੇ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀਆਂ ਮਲਕੀਅਤ ਖੁਲ੍ਹੀਆਂ ਪਈਆ ਜ਼ਮੀਨਾਤ ਦਾ ਮੁਆਇਨਾ ਕੀਤਾ । ਉਨ੍ਹਾਂ ਨੇ ਦੱਸਿਆ ਕਿ ਯਾਤਰੂਆਂ ਦੀ ਸਹੂਲਤ ਲਈ ਮਹਾਰਾਜਾ ਰਣਜੀਤ ਸਿੰਘ ਨਿਵਾਸ ਦੇ ਸਥਾਨ ਤੇ ਇੱਕ ਆਲੀਸ਼ਾਨ ਯਾਤਰੀ ਨਿਵਾਸ ਬਨਾਉਣ ਦਾ ਫੈਸਲਾ ਲਿਆ ਗਿਆ ਹੈ ਜਿਸ ਦਾ ਕੰਮ ਬਹੁਤ ਹੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ । ਉਨ੍ਹਾਂ ਦੀ ਮੰਗ ਤੇ ਭਾਵਨਾ ਅਨੁਸਾਰ ਬਿਰਧ ਆਸ਼ਰਮ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਖੋਲਣ ਦਾ ਐਲਾਨ ਕੀਤਾ।
ਜਿਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾਵਾਂ ਦੇ ਅਖਬਾਰ ਅਤੇ ਮੈਗਜ਼ੀਨ ਉਥੇ ਰਹਿ ਰਹੇ ਬਜ਼ੁਰਗਾਂ ਨੂੰ ਮੁਹੱਈਆ ਕੀਤੇ ਜਾਣਗੇ ਗੁਰਦੁਆਰਾ ਬੋਰਡ ਵੱਲੋਂ ਚਲਾਏ ਜਾ ਰਹੇ ਦਸਮੇਸ਼ ਹਸਪਤਾਲ ਵਿੱਚ ਜਿੱਥੇ ਕਿ ਰੋਜ਼ਾਨਾ ਓ.ਪੀ.ਡੀ. ਤੇ ਡਾਇਲਸਸ ਸੈਂਟਰ ਚਲਾਇਆ ਜਾ ਰਿਹਾ ਹੈ, ਉਥੇ ਕਿਡਨੀ ਪੀੜਤ ਲੋੜਵੰਦਾਂ ਦੀ ਮੰਗ ਨੂੰ ਮੁੱਖ ਰਖਦਿਆਂ ਹੋਇਆ ਦੋ ਹੋਰ ਡਾਇਲਸਸ ਯੂਨਿਟ ਲਗਾਏ ਜਾ ਰਹੇ ਹਨ ਬਿਲਡਿੰਗ ਦੀ ਪਹਿਲੀ ਮੰਜ਼ਿਲ ‘ਤੇ ਮਰੀਜਾਂ ਲਈ ਵੀਹ ਬੈਡ ਦਾ ਹਸਪਤਾਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੰਦਾਂ ਦੇ ਇਲਾਜ ਲਈ ਫੌਰੀ ਤੌਰ ਤੇ ਇੱਕ ਡੈਂਟਲ ਡਾਕਟਰ ਦੀ ਨਿਯੁਕਤੀ ਵੀ ਕੀਤੀ ਜਾ ਰਹੀ ਹੈ ਅਤੇ ਇਸਦੇ ਨਾਲ ਅੱਖਾਂ, ਦਿੱਲ, ਹੱਡੀਆਂ, ਕਿਡਨੀ ਅਤੇ ਇਸਤਰੀ ਰੋਗਾਂ ਲਈ ਮਾਹਿਰ ਡਾਕਟਰਾਂ ਦੀਆਂ ਵਿਜਿਟ ਬੇਸ ਤੇ ਸੇਵਾਵਾਂ ਵੀ ਲਈਆਂ ਜਾਣਗੀਆਂ, ਜਿਸ ਦੇ ਨਾਲ ਹਜ਼ੂਰੀ ਸੰਗਤ ਤੇ ਬਾਹਰ ਤੋਂ ਆਉਣ ਵਾਲੇ ਜ਼ਰੂਰਤਮੰਦ ਯਾਤਰੂਆਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ। ਸ੍ਰੀ ਹਜ਼ੂਰ ਸਾਹਿਬ ਦੇ ਨੌਜਵਾਨਾਂ ਅਤੇ ਵੱਖ ਵੱਖ ਕੰਪੀਟੀਸ਼ਨਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਸ੍ਰੀ ਹਜ਼ੂਰ ਸਾਹਿਬ ਲਾਇਬ੍ਰੇਰੀ ਵਿਖੇ ਇੱਕ ਡਿਜੀਟਲ ਲਾਇਬ੍ਰੇਰੀ ਬਣਾਈ ਜਾਵੇਗੀ । ਇਸ ਸਮੇਂ ਉਨ੍ਹਾਂ ਦੇ ਨਾਲ ਸ੍ਰ: ਰਵਿੰਦਰ ਸਿੰਘ ਬੁੰਗਈ ਸਾਬਕਾ ਸਕੱਤਰ ਤੇ ਸ:ਠਾਨ ਸਿੰਘ ਬੁੰਗਈ ਸੁਪਰਡੈਂਟ ਹਾਜ਼ਰ ਸਨ ।