ਚੰਡ੍ਹੀਗੜ੍ਹ, 25 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਚੰਡੀਗੜ੍ਹ ‘ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਧਨਾਸ ਵਿੱਚ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਲਾਸ਼ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ਜਿੱਥੇ ਉਸ ਦਾ ਪੋਸਟ ਮਾਰਟਮ ਕਰਵਾਇਆ ਗਿਆ। ਦੂਜਾ ਭਰਾ ਵੀ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਹੈ। ਸੂਤਰਾਂ ਮੁਤਾਬਕ ਦੋਵੇਂ ਨਸ਼ੇ ਦੀ ਹਾਲਤ ‘ਚ ਸਨ। ਇਸ ਤੋਂ ਬਾਅਦ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਸ ਲੜਾਈ ਦੌਰਾਨ ਇੱਕ ਦੀ ਮੌਤ ਹੋ ਗਈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਮਰਜੀਤ ਗੋਗਾ ਇੱਥੋਂ ਦੇ ਕਾਲੀ ਮਾਤਾ ਮੰਦਰ ਵਿੱਚ ਬੈਠ ਕੇ ਨਸ਼ਾ ਕਰਦਾ ਸੀ। ਉਸ ਦਾ ਭਰਾ ਵੀ ਇੱਥੇ ਹੀ ਨਸ਼ਾ ਕਰਦਾ ਸੀ। ਇਸ ਸਬੰਧੀ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੋਵਾਂ ਵਿਚਕਾਰ ਲੜਾਈ ਹੋ ਗਈ ਜਿਸ ਕਰਕੇ ਇੱਕ ਜਣੇ ਦੀ ਮੌਤ ਹੋ ਗਈ।
ਇਹ ਵੀ ਖਬਰ ਪੜੋ : ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਨੌਜਵਾਨ ਦੀ ਇੰਗਲੈਂਡ ਚ ਮੌਤ
ਲੋਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਚੰਡੀਗੜ੍ਹ ਪੁਲਿਸ ਨੂੰ ਇਲਾਕੇ ਵਿੱਚ ਹੋ ਰਹੇ ਨਾਜਾਇਜ਼ ਧੰਦਿਆਂ ਸਬੰਧੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਚੰਡੀਗੜ੍ਹ ਪੁਲਿਸ ਵੱਲੋਂ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਇਲਾਕੇ ਨੂੰ ਸਾਰੰਗਪੁਰ ਥਾਣਾ ਲੱਗਦਾ ਹੈ। ਉੱਥੇ ਸਟਾਫ ਦੀ ਵੱਡੀ ਘਾਟ ਹੈ। ਇਸ ਕਾਰਨ ਕੋਈ ਵੀ ਚੌਕਸੀ ਨਹੀਂ ਵਰਤੀ ਜਾ ਰਹੀ। ਇਲਾਕੇ ਵਿੱਚ ਨਸ਼ੇੜੀ ਆਪਣਾ ਕੰਮ ਅੰਨ੍ਹੇਵਾਹ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਅਸੀਂ ਪੁਲਿਸ ਨੂੰ ਦੁਬਾਰਾ ਇਸ ਦੀ ਸੂਚਨਾ ਦੇਵਾਂਗੇ। ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਚੰਡੀਗੜ੍ਹ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।