ਅੰਮ੍ਰਿਤਸਰ, 30 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਥਕ ਆਗੂਆਂ ਭਾਈ ਮੋਹਕਮ ਸਿੰਘ , ਭਾਈ ਮਨਜੀਤ ਸਿੰਘ ਭੋਮਾ ਅਤੇ ਭਾਈ ਸਤਨਾਮ ਸਿੰਘ ਮਨਾਵਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ ਇੱਕ ਜਨਵਰੀ 2024 ਨੂੰ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਅਕਾਲ ਤਖ਼ਤ ਸਾਹਿਬ ਤੇ ਹੋ ਰਹੇ ਸ਼ਹੀਦੀ ਸਮਾਗਮ ਨੂੰ ਅਮਨ ਸ਼ਾਂਤੀ ਨਾਲ ਮਨਾਉਣ , ਆਪਸੀ ਟਕਰਾਓ ਟਾਲਣ ਲਈ , ਕੋਈ ਦੁਬਿਧਾ ਪੈਦਾ ਨਾ ਹੋਵੇ, ਇੱਕੋ ਸ਼ਹੀਦ ਦੇ ਦੋ ਸ਼ਹੀਦੀ ਸਮਾਗਮ ਇੱਕੋ ਥਾਂ ਤੇ ਹੋਣ ਜੋਂ ਸ਼ੋਭਾ ਹੀ ਨਹੀਂ ਦੇਂਦਾ, ਇਹਨਾਂ ਕਾਰਣਾਂ ਕਰਕੇ ਅਕਾਲ ਤਖ਼ਤ ਸਾਹਿਬ ਤੇ ਇੱਕ ਹੀ ਸ਼ਹੀਦੀ ਸਮਾਗਮ ਹੋਵੇ ਤੇ ਅਮਨ ਸ਼ਾਂਤੀ ਨਾਲ਼ ਹੋਵੇ। ਇਸ ਕਰਕੇ ਪੰਥਕ ਧਿਰਾਂ ਨੇ ਇੱਕ ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਤੇ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਹੀ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਪੰਥਕ ਧਿਰਾਂ ਨੇ ਸਭ ਤੋਂ ਪਹਿਲਾਂ ਇੱਕ ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਸਮਾਗਮ ਅਕਾਲ ਤਖ਼ਤ ਸਾਹਿਬ ਤੇ ਕਰਨ ਦਾ ਐਲਾਨ ਕੀਤਾ ਸੀ ਪਰ ਅਗਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਈ ਕਾਉਂਕੇ ਦਾ ਸ਼ਹੀਦੀ ਸਮਾਗਮ ਉਸੇ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਨ ਦਾ ਐਲਾਨ ਕਰ ਦਿੱਤਾ।
ਇਹ ਵੀ ਖਬਰ ਪੜੋ : ਕੈਨੇਡਾ ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਚਾਹੀਦਾ ਸੀ ਕਿ ਉਹ ਸ਼ਹੀਦੀ ਸਮਾਗਮ ਦੋ ਚਾਰ ਦਿਨ ਅੱਗੇ ਪਿੱਛੇ ਕਰ ਲੈਂਦੇ ਪਰ ਉਹਨਾਂ ਦੇ ਜਾਣਬੁੱਝ ਕੇ ਇੱਕ ਜਨਵਰੀ ਨੂੰ ਹੀ ਸ਼ਹੀਦੀ ਸਮਾਗਮ ਕਰਨ ਦਾ ਐਲਾਨ ਕਰਕੇ ਪੰਥਕ ਧਿਰਾਂ ਨੇ ਪੰਥ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਵੱਖਰਾ ਸ਼ਹੀਦੀ ਸਮਾਗਮ ਨਾ ਕਰਨ ਦਾ ਫੈਸਲਾ ਕਰ ਲਿਆ । ਉਹਨਾਂ ਕਿਹਾ ਭਾਈ ਗੁਰਦੇਵ ਸਿੰਘ ਕਾਉਂਕੇ ਨੇ ਭਾਈ ਮਨੀ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਜ਼ਾਲਮਾਂ ਮੁੱਖ ਮੰਤਰੀ ਸ ਬੇਅੰਤ ਸਿੰਘ , ਕੇ ਪੀ ਐੱਸ ਗਿੱਲ ਤੇ ਐਸ ਐਸ ਪੀ ਸਵਰਨ ਸਿੰਘ ਘੋਟਣੇ ਵਰਗੇ ਬੁੱਚੜਾਂ ਦੀ ਈਨ ਨਾ ਮੰਨਦਿਆਂ ਬੰਦ ਬੰਦ ਕਟਵਾ ਕੇ ਸ਼ਹਾਦਤ ਦਾ ਜ਼ਾਮ ਪੀਤਾ। ਜਾਰੀ ਬਿਆਨ ਵਿੱਚ ਉਕਤ ਆਗੂਆਂ ਨੇ ਦੱਸਿਆ ਕਿ ਪੰਥਕ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਗਠਨਾਂ ਤੇ ਇਨਸਾਫ਼ ਪਸੰਦ ਲੋਕਾਂ ਨਾਲ਼ ਆਪਸੀ ਸਲਾਹ ਮਸ਼ਵਰਾ ਕਰਕੇ ਭਾਈ ਕਾਉਂਕੇ ਦੇ ਕਾਤਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਗਲਾ ਪ੍ਰੋਗਰਾਮ ਐਲਾਨਿਆ ਜਾਵੇਗਾ।