ਅੰਮ੍ਰਿਤਸਰ, 31 ਮਾਰਚ (ਐੱਸ.ਪੀ.ਐਨ ਬਿਊਰੋ) – ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਟੀਮ ਸਰਬਸੰਮਤੀ ਨਾਲ ਚੁਣਨ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਣਨ ਦੀਆਂ ਮੁਬਾਰਕਾਂ ਦਿੱਤੀਆਂ ਹਨ ਉਹਨਾਂ ਕਿਹਾ ਕੇ ਜਥੇਦਾਰ ਦਾਦੂਵਾਲ ਜੀ ਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਬਣਨ ਨਾਲ ਧਰਮ ਪ੍ਰਚਾਰ ਪਸਾਰ ਦਾ ਕੰਮ ਬੁਲੰਦੀਆਂ ਨੂੰ ਛੂਹੇਗਾ।
ਉਨਾਂ ਕਿਹਾ ਕੇ ਇਸ ਤੋਂ ਪਹਿਲਾਂ ਵੀ ਜਥੇਦਾਰ ਦਾਦੂਵਾਲ ਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਜਿਨਾਂ ਨੇ ਆਪਣੇ ਕਾਰਜਕਾਲ ਦੌਰਾਨ ਗੁਰਦੁਆਰਿਆ ਦੇ ਪ੍ਰਬੰਧਾਂ ਨੂੰ ਸੁਧਾਰਿਆ, ਬਜ਼ਟ ਵਿੱਚ ਵਾਧਾ ਕੀਤਾ, ਗੁਰੂਘਰ ਦੀਆਂ ਜਾਇਦਾਦਾਂ ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਇਆ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਸ ਸੁਪਰੀਮ ਕੋਰਟ ਵਿੱਚੋਂ ਜਿੱਤਿਆ, ਬਾਦਲਕਿਆਂ ਦੇ ਕਬਜ਼ੇ ਤੋਂ ਹਰਿਆਣਾ ਵਿਚਲੇ ਇਤਿਹਾਸਕ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ, ਧਰਮ ਪ੍ਰਚਾਰ ਪ੍ਰਸਾਰ ਵਿੱਚ ਤੇਜੀ ਲਿਆਂਦੀ ਹਰਿਆਣੇ ਦੇ ਸਿੱਖਾਂ ਦੇ ਮਾਣ ਅਤੇ ਸਤਿਕਾਰ ਨੂੰ ਵਧਾਇਆ।
ਇਸ ਤੋਂ ਇਲਾਵਾ ਉਹਨਾਂ ਗੁਰਸਿੱਖੀ ਨਾਲ ਸੰਗਤਾਂ ਅਤੇ ਸਿੱਖ ਨੌਜਵਾਨਾਂ ਨੂੰ ਜੋੜਿਆ ਅਤੇ ਅੰਮ੍ਰਿਤ ਛਕਾ ਕੇ ਕਈ ਉਪਲੱਬਧੀਆਂ ਹਾਸਲ ਕੀਤੀਆਂ ਪਰ ਇਹ ਵੀ ਸੱਚ ਹੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਹਰਿਆਣਾ ਕਮੇਟੀ ਤੋਂ ਲਾਂਭੇ ਹੋਣ ਤੋਂ ਬਾਅਦ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਸੁਧਾਰ ਵਿੱਚ ਅਤੇ ਧਰਮ ਪ੍ਰਚਾਰ ਪਸਾਰ ਦੇ ਵਿੱਚ ਇੱਕ ਵੱਡੀ ਖੜੋਤ ਆ ਗਈ ਸੀ ਹੁਣ ਜਥੇਦਾਰ ਦਾਦੂਵਾਲ ਜੀ ਦੇ ਧਰਮ ਪ੍ਰਚਾਰ ਦੇ ਮੁਖੀ ਬਨਣ ਨਾਲ ਹਰਿਆਣੇ ਦੇ ਸਿੱਖਾਂ ਵਿੱਚ ਮੁੜ ਨਵੀਂ ਜਾਗ੍ਰਿਤੀ ਤੇ ਚੇਤਨਤਾ ਪੈਦਾ ਹੋਵੇਗੀ ਇਸ ਜਾਗ੍ਰਿਤੀ ਲਹਿਰ ਵਿੱਚੋਂ ਅੰਮ੍ਰਿਤ ਪ੍ਰਚਾਰ ਪਸਾਰ ਦੀ ਇੱਕ ਵੱਡੀ ਲਹਿਰ ਪੈਦਾ ਹੋਵੇਗੀ ਜੋ ਪਤਿਤ ਸਿੱਖ ਨੌਜਵਾਨਾਂ ਨੂੰ ਸਿੱਖੀ ਅਤੇ ਧਰਮ ਨਾਲ ਜੋੜੇਗੀ।