ਜਲੰਧਰ: ਤੇਜ਼ ਰਫਤਾਰ ਥਾਰ ਨੇ 12 ਸਾਲ ਦੇ ਬੱਚੇ ਨੂੰ ਮਾਰੀ ਟੱਕਰ, ਹਾਦਸੇ ਚ ਬੱਚੇ ਦੀ ਹੋਈ ਮੌਤ

ਜਲੰਧਰ, 3 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜਲੰਧਰ ਦੇ ਹੁਸ਼ਿਆਰਪੁਰ ਰੋਡ ‘ਤੇ ਜੰਡੂ ਸਿੰਘਾ ਵਿਖੇ 12 ਸਾਲਾ ਬੱਚੇ ਨੂੰ ਥਾਰ ਨੇ ਕੁਚਲ ਦਿੱਤਾ। ਡਰਾਈਵਰ ਬੱਚੇ ਨੂੰ ਕਰੀਬ 100 ਮੀਟਰ ਤੱਕ ਧੂਹ ਕੇ ਲੈ ਗਿਆ। ਥਾਰ ਦਾ ਬੰਪਰ ਟੁੱਟਣ ਨਾਲ ਬੱਚਾ ਸੜਕ ‘ਤੇ ਡਿੱਗ ਪਿਆ। ਜਿਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਗੱਡੀ ਨੂੰ ਰੋਕੇ ਬਿਨਾਂ ਫ਼ਰਾਰ ਹੋ ਗਿਆ। ਮ੍ਰਿਤਕ ਬੱਚੇ ਦੀ ਪਛਾਣ ਬਾਦਲ ਪੁੱਤਰ ਦੀਸ਼ੂ ਵਾਸੀ ਪਿੰਡ ਹਜ਼ਾਰਾ ਵਜੋਂ ਹੋਈ ਹੈ। ਬਾਦਲ ਆਪਣੇ ਦੋਸਤਾਂ ਨਾਲ ਮੋਟਰ ‘ਤੇ ਨਹਾਉਣ ਗਿਆ ਸੀ। ਜਦੋਂ ਉਹ ਉਥੋਂ ਵਾਪਸ ਆ ਰਿਹਾ ਸੀ ਤਾਂ ਸੜਕ ਪਾਰ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਾਦਸੇ ਵਾਲੀ ਥਾਂ ਨੇੜੇ ਹੇਅਰ ਡ੍ਰੈਸਰ ਦਾ ਕੰਮ ਕਰਨ ਵਾਲੇ ਪ੍ਰਿੰਸ ਨੇ ਦੱਸਿਆ ਕਿ ਬਾਦਲ ਦੇ ਦੋ ਦੋਸਤ ਸੜਕ ਪਾਰ ਕਰ ਗਏ, ਜਦੋਂ ਕਿ ਬਾਦਲ ਡਿਵਾਈਡਰ ਦੇ ਕੋਨੇ ‘ਤੇ ਖੜ੍ਹਾ ਸੀ। ਉਥੋਂ ਥਾਰ ਉਸ ਨੂੰ ਘਸੀਟ ਕੇ ਲੈ ਗਿਆ। ਹਾਦਸੇ ਤੋਂ ਬਾਅਦ 12 ਸਾਲਾ ਬਾਦਲ ਦੀ ਪੂਰੀ ਖੋਪੜੀ ਨਿਕਲ ਆਈ। ਉਹ ਹੁਸ਼ਿਆਰਪੁਰ ਹਾਈਵੇ ‘ਤੇ ਰਵੀ ਬੈਂਕੁਏਟ ਹਾਲ ਨੇੜੇ ਸੜਕ ‘ਤੇ ਖੂਨ ਨਾਲ ਲਥਪਥ ਪਿਆ ਸੀ। ਉਦੋਂ ਹੀ ਇੱਕ ਰਾਹਗੀਰ ਔਰਤ ਨੇ ਆਪਣੇ ਦੁਪੱਟੇ ਨਾਲ ਬਾਦਲ ਦੀ ਮ੍ਰਿਤਕ ਦੇਹ ਨੂੰ ਢੱਕਿਆ ਅਤੇ ਕੁਝ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਸੜਕ ਤੋਂ ਪਾਸੇ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਦੇ ਨਾਲ-ਨਾਲ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ‘ਤੇ ਹਾਦਸੇ ਦੀ ਸੂਚਨਾ ਦਿੱਤੀ।

You May Also Like