ਜਲੰਧਰ, 1 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜਲੰਧਰ ਦੇ ਪਿੰਡ ਡਰੋਲੀ ਖੁਰਦ ਵਿਖੇ ਕਰਜ਼ੇ ਤੋਂ ਤੰਗ ਆ ਕੇ ਇਕ ਪ੍ਰਵਾਰ ਦੇ ਪੰਜ ਮੈਂਬਰਾਂ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿਚ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ (55) ਉਸ ਦੀ ਪਤਨੀ ਸਰਬਜੀਤ ਕੌਰ, ਉਸ ਦੀਆਂ 2 ਧੀਆਂ ਜੋਤੀ (32) ਅਤੇ ਗੋਪੀ (31), ਜੋਤੀ ਦੀ ਲੜਕੀ ਅਮਨ (3) ਸ਼ਾਮਲ ਹਨ। ਮ੍ਰਿਤਕ ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਨੇ ਦਸਿਆ ਕਿ ਕਿ ਉਹ ਕਾਫੀ ਸਮੇਂ ਤੋਂ ਫੋਨ ਕਰ ਰਿਹਾ ਸੀ ਪਰ ਪ੍ਰਵਾਰ ਵਿਚੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਜਦੋਂ ਉਸ ਨੇ ਪਿੰਡ ਡਰੋਲੀ ਖੁਰਦ ਆ ਕੇ ਦੇਖਿਆ ਤਾਂ ਮਨਮੋਹਨ ਅਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖਿਆਂ ਨਾਲ ਲਟਕ ਰਹੀਆਂ ਸਨ ਤੇ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਮੰਜੇ ’ਤੇ ਪਈਆਂ ਸਨ। ਮਨਮੋਹਨ ਸਿੰਘ ਆਦਮਪੁਰ ਡਾਕਖਾਨੇ ਵਿਚ ਇੰਚਾਰਜ ਸੀ।
ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (1 ਜਨਵਰੀ 2024)
ਇਸ ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਮੁਖੀ ਮਨਜੀਤ ਸਿੰਘ ਤੇ ਡੀਐਸਪੀ ਆਦਮਪੁਰ ਵਿਜੇ ਕੁੰਵਰ ਸਿੰਘ ਰਾਤ 8.20 ਵਜੇ ਉਥੇ ਪਹੁੰਚੇ। ਉਨ੍ਹਾਂ ਦਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਮੌਕੇ ਤੋਂ ਸੁਸਾਇਡ ਨੋਟ ਵੀ ਮਿਲਿਆ ਹੈ। ਇਸ ਵਿਚ ਮਨਮੋਹਨ ਸਿੰਘ ਨੇ ਲਿਖਿਆ ਹੈ ਕਿ ਉਸ ਨੇ ਆਰਥਕ ਤੰਗੀ ਕਾਰਨ ਕਰਜ਼ਾ ਲਿਆ ਸੀ ਅਤੇ ਉਸ ਦਾ ਪਤਾ ਉਸ ਦੇ ਪਰਵਾਰਕ ਮੈਂਬਰਾਂ ਨੂੰ ਲੱਗ ਗਿਆ। ਇਸ ਕਾਰਨ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ਾ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਜਲੰਧਰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸਾਰੇ ਮ੍ਰਿਤਕਾਂ ਦੇ ਗਲੇ ਉਤੇ ਨਿਸ਼ਾਨ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਸਾਰਿਆਂ ਦੀ ਫਾਹਾ ਲਿਆ ਹੈ।