ਜਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਲਈ 47 ਖਰੀਦ ਕੇਂਦਰਾਂ ਵਿਚ ਤਿਆਰੀ – ਡਿਪਟੀ ਕਮਿਸ਼ਨਰ

ਜਿਲ੍ਹਾ ਅੰਮ੍ਰਿਤਸਰ ਦੀ ਮੰਡੀਆਂ ਵਿਚ ਬਾਸਮਤੀ ਦੀ ਆਮਦ ਜੋਰਾਂ ਉਤੇ, ਝੋਨੇ ਦੀ ਰਫਤਾਰ ਮੱਠੀ

ਅੰਮ੍ਰਿਤਸਰ, 4 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਸਾਉਣੀ ਮੰਡੀਕਰਨ ਸੀਜ਼ਨ ਦੌਰਾਨ ਫਸਲ ਦੀ ਨਿਰਵਿਘਨ ਖਰੀਦ ਯਕੀਨੀ ਬਣਾਏਗਾ ਅਤੇ ਇਸ ਲਈ ਜਿਲ੍ਹੇ ਵਿਚ 47 ਖਰੀਦ ਕੇਂਦਰਾਂ ਵਿਚ ਮੁਕੰਮਲ ਤਿਆਰੀ ਕਰ ਲਈ ਗਈ ਹੈ, ਪਰ ਫਿਲਹਾਲ 29 ਮੰਡੀਆਂ ਵਿਚ ਹੀ ਬਾਸਮਤੀ ਤੇ ਝੋਨੇ ਦੀ ਆਮਦ ਹੋਈ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਖਰੀਦ ਸਬੰਧੀ ਜਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਨ ਮਗਰੋਂ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਅਸੀਂ ਕਿਸਾਨਾਂ ਨੂੰ ਨਾਲੋ-ਨਾਲ ਅਦਾਇਗੀ ਕਰਨ ਤੋਂ ਇਲਾਵਾ ਝੋਨੇ ਦੀ ਫਸਲ ਦੀ ਲਿਫਟਿੰਗ ਵੀ ਤਰੁੰਤ ਕਰਨ ਦੇ ਸਾਰੇ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਖਰੀਦ, ਲਿਫਟਿੰਗ ਅਤੇ ਅਦਾਇਗੀ ਦੀ ਸਮੁੱਚੀ ਪ੍ਰਕਿਰਿਆ ਨੂੰ ਡਿਜੀਟਲ ਵਿਧੀ ਨਾਲ ਸਿਰੇ ਚੜ੍ਹਾਇਆ ਜਾ ਰਿਹਾ ਹੈ ਅਤੇ ਕਿਸੇ ਕਿਸਾਨ ਨੂੰ ਮੰਡੀਆਂ ਵਿੱ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਸੁੱਕਾ ਝੋਨਾ ਲਿਆਓ ਅਤੇ ਨਾਲੋ-ਨਾਲ ਘਰਾਂ ਨੂੰ ਜਾਓ – ਜਿਲ੍ਹਾ ਮੰਡੀ ਅਫਸਰ

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਸਾਉਣੀ ਮੰਡੀਕਰਨ ਸੀਜ਼ਨ, 2023-24 ਲਈ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2203 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਪੰਜਾਬ ਮੰਡੀ ਬੋਰਡ ਵੱਲੋਂ ਨੋਟੀਫਾਈ ਖਰੀਦ ਕੇਂਦਰਾਂ ਵਿਖੇ ਖਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਪਨਸਪ ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ, ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੇ ਨਾਲ ਮਿਲ ਕੇ ਭਾਰਤ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨੇ ਦੀ ਖਰੀਦ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 3 ਅਕਤੂਬਰ ਤੱਕ ਸਾਡੇ ਜਿਲ੍ਹੇ ਦੀਆਂ ਮੰਡੀਆਂ ਵਿੱਚ 167968 ਟਨ ਬਾਸਮਤੀ ਦੀ ਆਮਦ ਹੋਈ ਹੈ, ਜਦਕਿ ਝੋਨੇ ਦੀ ਆਮਦ ਕੇਵਲ 6990 ਟਨ ਹੀ ਹੋਈ ਹੈ। ਉਨਾਂ ਦੱਸਿਆ ਕਿ ਬਾਸਮਤੀ ਦੀ ਖ੍ਰੀਦ ਤਾਂ ਨਿੱਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਉਤੇ ਕੀਤੀ ਜਾਵੇਗੀ। ਜਿਲ੍ਹਾ ਮੰਡੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਬਾਸਮਤੀ ਤੇ ਝੋਨਾ ਗਿੱਲਾ ਨਾ ਲਿਆਉਣ, ਤਾਂ ਜੋ ਖਰੀਦ ਨਾਲੋ-ਨਾਲ ਹੁੰਦੀ ਰਹੇ ਅਤੇ ਕਿਸਾਨਾਂ ਨੂੰ ਮੰਡੀ ਵਿਚ ਇੰਤਜ਼ਾਰ ਨਾ ਕਰਨਾ ਪਵੇ। ਉਨਾਂ ਕਿਹਾ ਕਿ ਝੋਨੇ ਦੀ ਸੰਭਾਲ ਲਈ ਲੋੜੀਂਦੇ ਬਾਰਦਾਨੇ ਅਤੇ ਤਰਪਾਲਾਂ ਦੇ ਲੋੜੀਂਦੇ ਪ੍ਰਬੰਧ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਹਨ ਅਤੇ ਇਸ ਤੋਂ ਇਲਾਵਾ ਕਈ ਮੰਡੀਆਂ ਵਿੱਚ ਅਨਾਜ ਲਿਆਉਣ ਵਾਲੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਾਇਓਮੀਟ੍ਰਿਕ ਪ੍ਰਮਾਣਿਕਤਾ ਦੀ ਤਕਨੀਕ ਵੀ ਇਸ ਵਾਰ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਜਿਲਾ ਮੰਡੀ ਅਧਿਕਾਰੀ ਸ. ਅਮਨਦੀਪ ਸਿੰਘ, ਡੀ ਐਫ ਐਸ ਸੀ ਅਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

You May Also Like