ਜੇਕਰ ਸੁਖਬੀਰ ਬਾਦਲ ਨੇ ਕਿਸਾਨਾਂ ਤੇ ਬੰਦੀ ਸਿੰਘਾਂ ਦੀਆਂ ਛਾਤੀਆਂ ਟੱਪਕੇ ਭਾਜਪਾ ਨਾਲ਼ ਸਮਝੌਤਾ ਕੀਤਾ ਤਾਂ ਇਹ ਮੱਚਦੀ ਅੱਗ ਨਾਲ਼ ਖੇਡਣ ਵਾਲੀ ਗੱਲ਼ ਹੋਵੇਗੀ : ਭਾਈ ਮੋਹਕਮ ਸਿੰਘ

ਕਾਲੇ ਝੰਡਿਆਂ ਨਾਲ ਸਮਝੌਤੇ ਦਾ ਵਿਰੋਧ ਕੀਤਾ ਜਾਵੇਗਾ

ਅੰਮ੍ਰਿਤਸਰ, 18 ਮਾਰਚ (ਐੱਸ.ਪੀ.ਐਨ ਬਿਊਰੋ) – ਸਿੱਖ ਪੰਥ ਦੀ ਵੱਡੀ ਸ਼ਖਸੀਅਤ ਤੇ ਪੰਥਕ ਆਗੂ ਤੇ ਲੰਮਾਂ ਸਮਾਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਰਹੇ ਭਾਈ ਮੋਹਕਮ ਸਿੰਘ ਨੇ ਬਾਦਲ ਪ੍ਰਵਾਰ ਤੇ ਦੋਸ਼ ਲਾਇਆ ਹੈ ਕਿ ਜਿਸ ਤਰ੍ਹਾਂ ਪਹਿਲਾਂ ਬਾਦਲ ਪ੍ਰਵਾਰ ਨੇ ਸ੍ਰੀ ਨਰਿੰਦਰ ਮੋਦੀ ਵਲੋਂ ਲਿਆਂਦੇ ਤਿੰਨ ਕਿਸਾਨ ਮਾਰੂ ਬਿੱਲਾ ਦੀ ਹਮਾਇਤ ਕੀਤੀ ਸੀ ਹੁਣ ਫਿਰ ਇੱਕ ਵਾਰ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਵਿਰੁੱਧ ਭੁੱਗਤ ਕੇ ਸ ਸੁਖਬੀਰ ਸਿੰਘ ਬਾਦਲ ਕਿਸਾਨਾਂ ਤੇ ਬੰਦੀ ਸਿੰਘਾਂ ਦੀਆਂ ਛਾਤੀਆਂ ਉਪਰੋਂ ਟੱਪਕੇ ਭਾਰਤੀ ਜਨਤਾ ਪਾਰਟੀ ਨਾਲ਼ ਸਮਝੌਤਾ ਕਰਨ ਜਾ ਰਿਹਾ ਹੈ ਜੇ ਇਹ ਸਮਝੌਤਾ ਅਮਲ ਵਿੱਚ ਆਉਂਦਾ ਹੈ ਤਾਂ ਇਹ ਮੱਚਦੀ ਅੱਗ ਨਾਲ਼ ਖੇਡਣ ਵਾਲੀ ਗੱਲ਼ ਹੋਵੇਗੀ । ਖਾਲਸਾ ਪੰਥ ਤੇ ਪੰਜਾਬੀ ਉਸ ਨੂੰ ਕਦੇ ਮੁਆਫ਼ ਨਹੀਂ ਕਰਨਗੇ । ਉਹਨਾਂ ਕਿਹਾ ਜੇਕਰ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲ਼ ਸਮਝੌਤਾ ਕਰਨਾ ਹੈ ਪਹਿਲਾਂ ਉਹ ਕੇਦਰ ਸਰਕਾਰ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦਾ ਮਸਲਾ ਹੱਲ ਕਰਵਾਏ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਕਰਵਾਏ।

ਉਹਨਾਂ ਕਿਹਾ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਤੇ ਇਹ ਵੱਖ ਵੱਖ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਅਕਾਲੀ ਭਾਜਪਾ ਸਮਝੌਤਾ ਅੰਦਰ ਖਾਤੇ ਹੋ ਚੁੱਕਾ ਹੈ ਸਿਰਫ਼ ਐਲਾਨ ਬਾਕੀ ਹੈ । ਉਹਨਾਂ ਕਿਹਾ ਢੀਂਡਸਾ ਤੇ ਬਾਦਲ ਪ੍ਰਵਾਰ ਅਕਾਲੀ ਦਲ ਨੂੰ ਖ਼ਤਮ ਕਰਕੇ ਆਪੋਂ ਆਪਣੇ ਪ੍ਰਵਾਰ ਬਚਾਉਣ ਤੱਕ ਸੀਮਤ ਹੋ ਗਏ ਹਨ ਜਿਵੇਂ ਉਹਨਾਂ ਕਿਹਾ ਜਿਸ ਤਰ੍ਹਾਂ ਸ ਸੁਖਦੇਵ ਸਿੰਘ ਢੀਂਡਸੇ ਨੇ ਸਮੁੱਚੀ ਪਾਰਟੀ ਨਾਲ਼ ਗਦਾਰੀ ਕਰਕੇ ਪੁੱਤ ਮੋਹ ਵਿੱਚ ਇੱਕ ਹਾਰੀ ਹੋਈ ਟਿਕਟ ਦੀ ਖ਼ਾਤਰ ਸ ਸੁਖਬੀਰ ਸਿੰਘ ਬਾਦਲ ਕੋਲ ਗੋਡੇ ਟੇਕਕੇ ਸਮਝੌਤਾ ਕੀਤਾ ਇਸੇ ਤਰ੍ਹਾਂ ਹੁਣ ਸ ਸੁਖਬੀਰ ਸਿੰਘ ਬਾਦਲ ਆਪਣੀ ਧਰਮ ਸੁਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿੱਚ ਮੁੜ੍ਹ ਵਜ਼ੀਰ ਬਣਾਉਣ ਲਈ ਸਮੁੱਚੇ ਅਕਾਲੀ ਦਲ ਤੇ ਅਕਾਲੀ ਆਗੂਆਂ ਦੀ ਸਿਆਸੀ ਆਤਮ ਹੱਤਿਆਂ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀਆਂ ਲਿਲਕੜੀਆਂ ਕੱਢਕੇ, ਮੋਦੀ ਦਾ ਮੁੜ੍ਹ ਸ਼ੀਰੀਂ ਬਣਕੇ ਉਹਨਾਂ ਦੀਆਂ ਸ਼ਰਤਾਂ ਤੇ ਡਬਲ ਸੀਟਾਂ ਦੇ ਕੇ ਭਾਰਤੀ ਜਨਤਾ ਪਾਰਟੀ ਨਾਲ਼ ਆਤਮ ਘਾਤੀ ਗੱਲਵਕੜੀ ਪਾਉਣ ਜਾ ਰਿਹਾ ਹੈ। ਉਹਨਾਂ ਕਿਹਾ ਜਿੰਨੀਆਂ ਵੱਧ ਸੀਟਾਂ ਸੀ ਸੁਖਬੀਰ ਸਿੰਘ ਬਾਦਲ ਭਾਜਪਾ ਨੂੰ ਦੇ ਰਿਹਾ ਹੈ ਉਹਨਾਂ ਅਕਾਲੀ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਕਿਹੜੇ ਦੇਸ਼ ਦੇਸ਼ ਨਿਕਾਲਾ ਦੇਵੇਗਾ । ਉਹਨਾਂ ਕਿਹਾ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਮਝੌਤਾ ਆਉਣ ਵਾਲੇ ਦਿਨਾਂ ਵਿੱਚ ਅਮਲ ਵਿੱਚ ਆਇਆਂ ਤਾਂ ਖਾਲਸਾ ਪੰਥ ਤੇ ਪੰਜਾਬੀ ਕਾਲੇ ਝੰਡਿਆਂ ਨਾਲ਼ ਸ ਸੁਖਬੀਰ ਸਿੰਘ ਬਾਦਲ ਤੇ ਬਾਦਲ ਦਲੀਆਂ ਦਾ ਵਿਰੋਧ ਕਰੇਗਾ ਕਿਉਕਿ ਪੰਜਾਬ ਤੇ ਪੰਥ ਵਾਸਤੇ ਪਹਿਲਾਂ ਕਿਸਾਨੀ ਸੰਘਰਸ਼ ਹੱਲ ਕਰਵਾਉਣਾਂ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਹੁਤ ਜ਼ਰੂਰੀ ਹਨ ।

You May Also Like