ਚੰਡੀਗੜ੍ਹ, 7 ਮਈ (ਐੱਸ.ਪੀ.ਐਨ ਬਿਊਰੋ) – ਮੰਗਲਵਾਰ ਸਵੇਰੇ ਕਰੀਬ 8 ਵਜੇ ਚੰਡੀਗੜ੍ਹ-ਅੰਬਾਲਾ ਰੋਡ ‘ਤੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਇਕ ਟਰੱਕ ਡਰਾਈਵਰ ਨੇ ਸਕੂਲ ਜਾ ਰਹੀ 12 ਸਾਲਾ ਵਿਦਿਆਰਥਣ ਨੂੰ ਕੁਚਲ ਦਿੱਤਾ, ਜਿਸ ਕਾਰਨ ਅਨੰਨਿਆ ਨਾਂ ਦੀ ਵਿਦਿਆਰਥਣ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਐਕਟਿਵਾ ਚਲਾ ਰਹੀ ਮ੍ਰਿਤਕ ਦੀ ਮਾਂ ਵੀ ਜ਼ਖਮੀ ਹੋ ਗਈ ਪਰ ਉਹ ਖਤਰੇ ਤੋਂ ਬਾਹਰ ਹੈ।
ਇਹ ਵੀ ਖਬਰ ਪੜੋ : — ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ
ਜਾਣਕਾਰੀ ਮੁਤਾਬਕ ਮ੍ਰਿਤਕ ਅਨੰਨਿਆ ਆਪਣੀ ਮਾਂ ਪੁਸ਼ਪਾ ਨਾਲ ਐਕਟਿਵਾ ‘ਤੇ ਨਗਲਾ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਸਕੂਲ ਜਾ ਰਹੀ ਸੀ। ਮਾਂ ਐਕਟਿਵਾ ਚਲਾ ਰਹੀ ਸੀ ਅਤੇ ਬੇਟੀ ਪਿੱਛੇ ਬੈਠੀ ਸੀ, ਜਿਵੇਂ ਹੀ ਉਹ ਸਿੰਘਪੁਰਾ ਚੌਕ ਨੇੜੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਪਹੁੰਚੀ ਅਤੇ ਮੇਨ ਰੋਡ ਤੋਂ ਸਲਿਪ ‘ਤੇ ਉਤਰਨ ਲੱਗੀ ਤਾਂ ਉਹਨਾਂ ਦੀ ਐਕਟਿਵਾ ਟਰੱਕ ਨਾਲ ਟਕਰਾ ਗਈ ਅਤੇ ਅਨੰਨਿਆ ਟਰੱਕ ਦੇ ਕੋਲ ਜਾ ਡਿੱਗੀ।
ਇਹ ਵੀ ਖਬਰ ਪੜੋ : — ਖਰੜ ਚ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਟਰੱਕ ਦਾ ਪਿਛਲਾ ਟਾਇਰ ਲੜਕੀ ਦੇ ਸਿਰ ‘ਤੇ ਚੜ੍ਹ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਮਾਂ ਸੜਕ ਦੇ ਦੂਜੇ ਪਾਸੇ ਡਿੱਗ ਗਈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਮ੍ਰਿਤਕ ਦੇਹ ਨੂੰ ਡੇਰਾਬਸੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।
ਮੌਕੇ ‘ਤੇ ਪਹੁੰਚੀ ਐੱਸਐੱਸਐੱਫ ਦੀ ਟੀਮ ਨੇ ਟਰੱਕ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਟਰੱਕ ਨੂੰ ਕਬਜ਼ੇ ‘ਚ ਲੈ ਲਿਆ। ਟਰੱਕ ਚਾਲਕ ਕਾਲੀ ਭੂਸ਼ਨ (23) ਵਾਸੀ ਜੰਮੂ ਨੇ ਦੱਸਿਆ ਕਿ ਉਹ ਬੱਦੀ ਤੋਂ ਅੰਬਾਲਾ ਸਰਾਵਾਂ ਨੂੰ ਛੱਡਣ ਜਾ ਰਿਹਾ ਸੀ। ਮੋੜ ਹੋਣ ਕਾਰਨ ਉਹ ਐਕਟਿਵਾ ਨਹੀਂ ਦੇਖ ਸਕਿਆ ਅਤੇ ਹਾਦਸਾ ਵਾਪਰ ਗਿਆ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।