ਲੁਧਿਆਣਾ, 27 ਸਤੰਬਰ (ਹਰਮਿੰਦਰ ਮੱਕੜ) – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਲੁਧਿਆਣਾ ਦੇ ਬੈਨਰ ਹੇਠ ਅੱਜ ਜਲ ਸਪਲਾਈ ਠੇਕਾ ਮੁਲਾਜ਼ਮਾਂ ਨੇ ਆਈ.ਟੀ.ਆਈ ਗਿੱਲ ਰੋਡ ਲੁਧਿਆਣਾ ਵਿਖੇ ਰੋਸ਼ ਰੈਲੀ ਅਤੇ ਮੁਜ਼ਾਹਰੇ ਕਰਕੇ ਪੰਜਾਬ ਸਰਕਾਰ ਵੱਲੋੰ ਮਜ਼ਦੂਰਾਂ-ਮੁਲਾਜ਼ਮਾਂ ਦੀ ਸੱਚੀ-ਸੁੱਚੀ ਕਿਰਤ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਲੁਟਾਉਣ ਦੇ ਮਨਸੂਬੇ ਨਾਲ਼ ਕੰਮ ਦਿਹਾੜੀ 08 ਤੋਂ ਵਧਾਕੇ 12 ਘੰਟੇ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਪੰਜਾਬ ਸਰਕਾਰ ਦੇ ਇਸ ਮਜ਼ਦੂਰ ਮੁਲਾਜ਼ਮ ਵਿਰੋਧੀ ਫ਼ੈਸਲੇ ਦਾ ਕੀਤਾ ਗਿਆ ਵਿਰੋਧ,ਇਸ ਸਮੇਂ ਹਾਜ਼ਿਰ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਮੀਤ ਪ੍ਰਧਾਨ ਚਰਨ ਸਿੰਘ ਗੋਸਪੁਰ, ਜਗਜੀਤ ਸਿੰਘ ਆਗੂਆਂ ਨੇ ਕਿਹਾ ਕਿ ਜੋ ਸਮਾਂ-ਬੱਧ ਨੀਯਤ 08 ਘੰਟੇ ਦੀ ਕੰਮ ਦਿਹਾੜੀ ਦਾ ਸਮਾਂ ਨੀਯਤ ਕੀਤਾ ਹੋਇਆ ਸੀ, ਉਹ ਕੇਂਦਰ ਜਾਂ ਸੂਬਾ ਸਰਕਾਰ ਨੇ ਸਾਨੂੰ ਕੋਈ ਦਾਨ ਵਿੱਚ ਨਹੀਂ ਦਿੱਤਾ, ਸਗੋਂ ਇਹ ਸੰਸਾਰ-ਭਰ ਦੇ ਮਜਦੂਰਾਂ ਵੱਲੋੰ ਇੱਕ ਲੰਬੇ ਸਿਰੜੀ ਅਤੇ ਜਾਨ-ਹੂਲਮੇਂ ਸੰਘਰਸ਼ਾਂ ਦੀ ਪ੍ਰਾਪਤੀ ਹੈ।
ਜਿਹੜੀ ਕਿ ਅਸੀਂ ਮਜਦੂਰਾਂ ਦੇ ਸੰਘਰਸ਼ ਦੇ ਜੋਰ ਨਾਲ ਹਜ਼ਾਰਾਂ ਜਾਨਾਂ ਵਾਰਕੇ ਹਾਸਿਲ ਕੀਤੀ ਹੋਈ ਪ੍ਰਾਪਤੀ ਹੈ। ਇਸ ਪ੍ਰਾਪਤੀ ਨੂੰ ਹਾਸਿਲ ਕਰਨ ਤੋਂ ਬਾਅਦ ਜੋ ਟ੍ਰੇਡ ਯੂਨੀਅਨ ਬਣਾਉਣ ਦੇ ਹੱਕ ਹਾਸਿਲ ਕੀਤੇ ਗਏ ਸਨ ਉਹਨਾਂ ਦੇ ਜੋਰ ਸਦਕਾ ਮਿਨੀਮਮਵੇਜ਼ ਐਕਟ, ਸੇਵਾ ਮੁਕਤੀ ਉਪਰੰਤ ਪੈਨਸ਼ਨ ਅਤੇ ਯੂਨੀਅਨ ਬਣਾਉਣ ਦਾ ਹੱਕ ਹਾਸਿਲ ਕੀਤਾ ਸੀ,ਅੱਜ ਉਹ ਇੱਕ ਸਦੀ ਬੀਤਣ ਤੋਂ ਬਾਅਦ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰ ਵੱਲੋੰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਸਾਡੀਆਂ ਇਹਨਾਂ ਪ੍ਰਾਪਤੀਆ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ,ਸਮਾਂ-ਬੱਧ ਕੰਮ ਦਿਹਾੜੀ 08 ਘੰਟੇ ਤੋਂ ਵਧਾਕੇ 12 ਘੰਟੇ ਕਰਨ ਦਾ ਹਮਲਾ ਕੋਈ ਸਧਾਰਨ ਮਾਮਲਾ ਨਹੀ ਹੈ ਸਗੋਂ ਖੂਨ ਦੇਕੇ ਸਾਡੇ ਸ਼ਹੀਦਾਂ ਵੱਲੋੰ ਕੀਤੀ ਪ੍ਰਾਪਤੀ ਅਤੇ ਵਿਰਾਸ਼ਤ ਨੂੰ ਖੋਹਣ ਦਾ ਮਾਮਲਾ ਵੀ ਹੈ ਅਤੇ ਇਹ ਸਮੁੱਚੀ ਮਜ਼ਦੂਰ-ਮੁਲਾਜ਼ਮ ਜਮਾਤ ਨੂੰ ਇੱਕ ਚਣੌਤੀ ਹੈ,ਸਾਨੂੰ ਇਸ ਚਣੌਤੀ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ,ਜੇਕਰ ਪੰਜਾਬ ਸਰਕਾਰ ਨੇ ਅੱਜ ਦੇ ਇਸ ਸੰਘਰਸ਼ ਤੋਂ ਸਬਕ ਸਿੱਖਕੇ ਇਸ ਲੋਕ-ਵਿਰੋਧੀ ਫ਼ੈਸਲੇ ਨੂੰ ਵਾਪਿਸ ਨਾ ਲਿਆ ਅਤੇ ਮੁਲਾਜ਼ਮਾਂ ਅਤੇ ਠੇਕਾ ਮੁਲਾਜ਼ਮਾਂ ਦੀਆਂ ਹੋਰ ਸਮੂਹ ਹੱਕੀ ਅਤੇ ਜਾਇਜ਼ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾਂ ਸਾਂਝੇ ਸੰਘਰਸ਼ਾਂ ਨੂੰ ਹੋਰ ਤੇ ਤਿੱਖਾ ਅਤੇ ਤੇਜ਼ ਕਰਨਾ ਮੁਲਾਜ਼ਮਾਂ ਅਤੇ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਹੋਵੇਗੀ,ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੀਵੇਗੀ।