ਤਰਨਤਾਰਨ, 10 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੀ.ਆਈ.ਏ. ਸਟਾਫ ਤਰਨਤਰਨ ਦੀ ਪੁਲਸ ਨੇ 5 ਕਿੱਲੋ 20 ਗ੍ਰਾਮ ਹੈਰੋਇਨ ਸਣੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਵਲੋਂ ਇਸ ਦੇ ਨਾਲ ਹੀ ਇਕ ਆਈ-20 ਕਾਰ ਵੀ ਬਰਾਮਦ ਕੀਤੀ ਹੈ। ਜਿਸ ਤਹਿਤ ਥਾਣਾ ਝਬਾਲ ਵਿਖੇ ਮਾਮਲਾ ਦਰਜ ਕਰਕੇ ਪੁਲਸ ਵਲੋਂ ਰਿਮਾਂਡ ਦੌਰਾਨ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 25 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਇਹ ਵੀ ਖਬਰ ਪੜੋ : ਹੁਸ਼ਿਆਰਪੁਰ ਚ ਇੱਕ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਹਾਦਸੇ ਵਿੱਚ ਦੋ ਦੀ ਮੌਤ
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਸਥਾਨਕ ਮਨਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਅਸ਼ਵਨੀ ਕਪੂਰ ਵਲੋਂ ਨਸ਼ਾ ਤਸਕਰਾਂ ਖ਼ਿਲਾਫ ਸਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਚੱਲਦਿਆਂ ਸੀ. ਆਈ. ਏ. ਸਟਾਫ ਤਰਨਤਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਇਕ ਆਈ-20 ਕਾਰ ’ਚ ਸਵਾਰ ਦੀਪਕ ਕੁਮਾਰ ਉਰਫ ਕੋਚਰ ਪੁੱਤਰ ਸ਼ਾਮ ਕੁਮਾਰ ਪੁੱਤਰ ਮਾਲਾ ਰਾਮ ਵਾਸੀ ਵਕਟੋਰੀਆ ਇਨਕਲੇਵ ਪਿੰਡ ਬੱਲੂਕੀ ਜ਼ਿਲ੍ਹਾ ਲੁਧਿਆਣਾ ਨੂੰ 5 ਕਿੱਲੋ 20 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਝਬਾਲ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ ਪਹਿਲਾਂ ਵੀ ਇਕ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਹੈ।