ਤਰਨਤਾਰਨ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਤਰਨਤਾਰਨ ਪੱਟੀ ਸੜਕ ਉਤੇ ਪਿੰਡ ਜੰਡੋਕੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਦਰਾਣੀ-ਜਠਾਣੀ ਦੀ ਮੌਤ ਹੋ ਗਈ ਹੈ, ਜਦ ਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਕਾਰ ਦੀ ਟਰੱਕ ਨਾਲ ਟੱਕਰ ਤੋਂ ਬਾਅਦ ਇਹ ਹਾਦਸਾ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਸ਼ਹਿਰ ਦੇ ਨੇੜਲੇ ਪਿੰਡ ਦਾ ਵਾਸੀ ਪਰਮਜੀਤ ਸਿੰਘ ਸਾਬਕਾ ਫ਼ੌਜੀ, ਆਪਣੀ ਪਤਨੀ ਅਮਨਦੀਪ ਕੌਰ ਅਤੇ ਭਰਜਾਈ ਮਨਪ੍ਰੀਤ ਕੌਰ ਪਤਨੀ ਹਰਦੀਪ ਸਿੰਘ ਨਾਲ ਅੱਜ ਸਵੇਰੇ ਸਵਿਫਟ ਕਾਰ ‘ਚ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਸੀ। ਉਨ੍ਹਾਂ ਦੀ ਕਾਰ ਪਿੰਡ ਜੰਡੋਕੇ ਨਜ਼ਦੀਕ ਸੜਕ ‘ਤੇ ਖੜ੍ਹੇ ਟਰਾਲੇ ਦੇ ਪਿੱਛੇ ਜਾ ਵੱਜੀ। ਇਸ ਘਟਨਾ ‘ਚ ਅਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪਰਮਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤਰਨਤਾਰਨ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।