ਤਰਨਤਾਰਨ, 7 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਤਰਨਤਾਰਨ ‘ਚ ਜਿਮ ਮਾਲਕ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਇਹ ਘਟਨਾ ਪੱਟੀ ਦੇ ਪਿੰਡ ਘਰਿਆਲਾ ਦੀ ਹੈ। ਬਦਮਾਸ਼ਾਂ ਨੇ ਘਰ ‘ਚ ਦਾਖਲ ਹੋ ਕੇ ਜਿਮ ਮਾਲਕ ‘ਤੇ 5 ਗੋਲੀਆਂ ਚਲਾਈਆਂ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ। ਉਹ 8 ਸਾਲ ਵਿਦੇਸ਼ ‘ਚ ਕੰਮ ਕਰਨ ਤੋਂ ਬਾਅਦ 7 ਮਹੀਨੇ ਪਹਿਲਾਂ ਹੀ ਭਾਰਤ ਪਰਤਿਆ ਸੀ। ਮੰਗਲਵਾਰ ਦੇਰ ਰਾਤ ਕਰੀਬ 1.30 ਵਜੇ ਰਣਜੀਤ ਅਪਣੀ ਪਤਨੀ ਅਤੇ ਬੇਟੇ ਨਾਲ ਕਮਰੇ ‘ਚ ਸੁੱਤਾ ਪਿਆ ਸੀ। ਇਸ ਦੌਰਾਨ ਦੋ ਬਦਮਾਸ਼ਾਂ ਨੇ ਉਸ ਦੇ ਘਰ ‘ਚ ਦਾਖਲ ਹੋ ਕੇ ਗੋਲੀਆਂ ਚਲਾ ਦਿਤੀਆਂ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪ੍ਰਵਾਰ ਜਾਗ ਗਿਆ। ਜਦੋਂ ਉਸ ਦੇ ਪਿਤਾ ਮਲੂਕ ਸਿੰਘ ਨੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨੂੰ ਧੱਕਾ ਦੇ ਕੇ ਭੱਜ ਗਏ। ਮਲੂਕ ਸਿੰਘ ਨੇ ਦਸਿਆ ਕਿ ਪੁੱਤਰ ਰਣਜੀਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਨਹੀਂ ਜਾਣਦੇ ਕਿ ਬਦਮਾਸ਼ਾਂ ਨੇ ਉਸ ਨੂੰ ਕਿਉਂ ਮਾਰਿਆ। ਇਸ ਸਬੰਧੀ ਉਨ੍ਹਾਂ ਵਲੋਂ ਥਾਣਾ ਸਦਰ ਪੱਟੀ ਪੁਲਿਸ ਨੂੰ ਜਾਣੂ ਕਰਵਾਇਆ ਗਿਆ ਹੈ। ਉਧਰ ਮੌਕੇ ’ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐਸਐਚਓ ਗੁਰਤੇਜ ਸਿੰਘ ਬਰਾੜ ਨੇ ਦਸਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਪੁਲਿਸ ਵਲੋਂ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।