ਤਰਨਤਾਰਨ ਚ ਵੱਡੀ ਵਾਰਦਾਤ, ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ, 17 ਨਵੰਬਰ (ਐੱਸ.ਪੀ.ਐਨ ਬਿਊਰੋ) – ਤਰਨਤਾਰਨ ਵਿਧਾਨ ਸਭਾ ਹਲਕੇ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਲਾਲੂ ਘੁੰਮਣ ’ਚ ਔਰਤ ਦੀ ਆਤਮਿਕ ਸ਼ਾਂਤੀ ਲਈ ਚੱਲ ਰਹੇ ਸਮਾਗਮ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸਰਪੰਚ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਜਦੋਂਕਿ ਸਰਪੰਚ ਦੇ ਦੋ ਹੋਰ ਸਾਥੀ ਜ਼ਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਆਇਆ ਵਿਅਕਤੀ ਗੋਲ਼ੀਆਂ ਚਲਾ ਕੇ ਜਦੋਂ ਫਰਾਰ ਹੋ ਰਿਹਾ ਸੀ। ਉੱਥੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਇੱਟ ਮਾਰੀ, ਜੋ ਉਸਦੇ ਸਿਰ ‘ਚ ਲੱਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਟ ਵੱਜਣ ਕਾਰਨ ਉਸਦੇ ਸਿਰ ਤੇ ਮੂੰਹ ’ਤੇ ਬੰਨ੍ਹਿਆ ਕੱਪੜਾ ਉਤਰ ਗਿਆ ਪਰ ਉਸਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਝਬਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਖਬਰ ਪੜੋ : — ਪੰਜਾਬ ਪੁਲਿਸ ਵੱਲੋਂ ਨਾਰਕੋ-ਆਰਮਜ਼ ਤਸਕਰੀ ਦਾ ਪਰਦਾਫਾਸ਼, ਦੋ ਕਾਬੂ

ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਤੋਂ ‘ਆਪ’ ਆਗੂ ਪ੍ਰਤਾਪ ਸਿੰਘ ਨੂੰ ‘ਆਪ’ ਨੇ ਆਪਣਾ ਉਮੀਦਵਾਰ ਬਣਾਇਆ ਸੀ। ਪ੍ਰਤਾਪ ਸਿੰਘ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ। ਪਿੰਡ ਵਾਸੀ ਮਹਿੰਦਰ ਸਿੰਘ ਦੀ ਪਤਨੀ ਵੀਰ ਕੌਰ ਦੀ ਬੀਤੇ ਦਿਨ ਮੌਤ ਹੋ ਗਈ ਸੀ। ਉਨ੍ਹਾਂ ਦੀ ਅੰਤਿਮ ਅਰਦਾਸ ਲਈ ਗੁਰਦੁਆਰਾ ਬਾਬਾ ਖੜਕ ਸਿੰਘ ਵਿਖੇ ਇਕੱਤਰਤਾ ਹੋਈ। ਸਰਪੰਚ ਪ੍ਰਤਾਪ ਸਿੰਘ ਅੰਤਿਮ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ। ਉਦੋਂ ਬਾਈਕ ਸਵਾਰ ਨੌਜਵਾਨ ਨੇ ਪੰਜ ਰਾਉਂਡ ਫਾਇਰ ਕੀਤੇ। ਸਰਪੰਚ ਪ੍ਰਤਾਪ ਸਿੰਘ ਨੂੰ ਦੋ ਗੋਲ਼ੀਆਂ ਲੱਗੀਆਂ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬੁੱਧ ਸਿੰਘ ਅਤੇ ਭਗਵੰਤ ਸਿੰਘ ਜ਼ਖਮੀ ਹੋ ਗਏ।

You May Also Like