ਚੰਡੀਗੜ੍ਹ, 25 ਸਤੰਬਰ (ਐੱਸ.ਪੀ.ਐਨ ਬਿਊਰੋ) – ਪੰਜਾਬ ਸਰਕਾਰ ਨੇ ਬੁੱਧਵਾਰ ਨੂੰ 49 ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਡੀਸੀ ਸੰਦੀਪ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 2015 ਬੈਚ ਦੇ ਆਈਏਐਸ ਅਧਿਕਾਰੀ ਗੁਲਪ੍ਰੀਤ ਸਿੰਘ ਔਲਖ ਨੂੰ ਡੀਸੀ ਲਗਾਇਆ ਗਿਆ ਹੈ। ਔਲਖ ਨੇ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲਿਆ ਸੀ।
ਸੋਮਵਾਰ ਰਾਤ ਤਰਨਤਾਰਨ ਦੇ ਐਸਡੀਐਮ ਨਿਯੁਕਤ ਹੋਏ ਆਈਏਐਸ ਅਧਿਕਾਰੀ ਦਿਵਿਆ ਪੀ ਦਾ ਤਬਾਦਲਾ ਗੁਰੂਹਰਸਹਾਏ (ਫਿਰੋਜ਼ਪੁਰ) ਕਰ ਦਿੱਤਾ ਗਿਆ। ਜਦੋਂਕਿ ਖਡੂਰ ਸਾਹਿਬ ਦੇ ਐਸਡੀਐਮ ਕ੍ਰਿਸ਼ਨਪਾਲ ਰਾਜਪੂਤ ਨੂੰ ਬਦਲ ਕੇ ਅਬੋਹਰ ਤਾਇਨਾਤ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਤਰਨਤਾਰਨ ਤੇ ਖਡੂਰ ਸਾਹਿਬ ‘ਚ ਆਈਏਐੱਸ ਅਧਿਕਾਰੀਆਂ ਨੂੰ ਐੱਸਡੀਐੱਮ ਲਗਾਉਣ ਦੇ ਦੋ ਦਿਨ ਬਾਅਦ ਯੂ-ਟਰਨ ਲੈਂਦੇ ਹੋਏ ਉਨ੍ਹਾਂ ਦਾ ਦੁਬਾਰਾ ਤਬਾਦਲਾ ਕੀਤਾ ਹੈ।
ਜਾਰੀ ਹੁਕਮਾਂ ਅਨੁਸਾਰ ਅਬੋਹਰ ‘ਚ ਤਾਇਨਾਤ ਐੱਸਡੀਐੱਮ ਅਰਵਿੰਦਰ ਪਾਲ ਸਿੰਘ ਨੂੰ ਤਰਨਤਾਰਨ ਦਾ ਐੱਸਡੀਐਮ ਜਦੋਂਕਿ ਉਨ੍ਹਾਂ ਕੋਲ ਖਡੂਰ ਸਾਹਿਬ ਦੇ ਐੱਸਡੀਐਮ ਦਾ ਵਾਧੂ ਚਾਰਜ ਰਹੇਗਾ। ਸੋਮਵਾਰ ਰਾਤ ਭਿੱਖੀਵਿੰਡ ‘ਚ ਤਾਇਨਾਤ ਐੱਸਡੀਐੱਮ ਮਨਜੀਤ ਸਿੰਘ ਰਾਜਲਾ ਨੂੰ ਅਮਲੋਹ ਦਾ ਐੱਸਡੀਐੱਮ ਜਦੋਂ ਕਿ ਗੁਰਦੇਵ ਸਿੰਘ ਧਾਮ ਨੂੰ ਭਿੱਖੀਵਿੰਡ ਦਾ ਐੱਸਡੀਐੱਮ ਲਾਇਆ ਗਿਆ ਹੈ। 2009 ਬੈਚ ਦੇ ਪੀਸੀਐੱਸ ਅਧਿਕਾਰੀ ਰਾਜਦੀਪ ਸਿੰਘ ਬਰਾੜ ਨੂੰ ਏਡੀਸੀ ਜਨਰਲ ਵਜੋਂ ਤਾਇਨਾਤ ਕੀਤਾ ਗਿਆ ਹੈ।