ਤਰਨਤਾਰਨ ਦੇ ਪਿੰਡ ਰਟੌਲ ਵਿਖੇ ਅੰਮ੍ਰਿਤਧਾਰੀ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਥਾਣਾ ਸਿਟੀ ਤਰਨਤਾਰਨ ਅਧੀਨ ਆਉਂਦੇ ਪਿੰਡ ਰਟੌਲ ਵਿਖੇ ਅੰਮ੍ਰਿਤਧਾਰੀ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਗੁਰਜਿੰਦਰ ਸਿੰਘ (45) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਰਟੌਲ ਜੋ ਸਾਰਾ ਦਿਨ ਗੁਰਬਾਣੀ ਪੜ੍ਹਨ ਅਤੇ ਖੇਤੀ ਦਾ ਧੰਦਾ ਕਰਦਾ ਸੀ। ਬੀਤੇ ਕੱਲ੍ਹ ਸ਼ਾਮ ਜਦੋਂ ਗੁਰਜਿੰਦਰ ਸਿੰਘ ਆਪਣੇ ਘਰੋਂ ਫਸਲ ਨੂੰ ਸਪਰੇਅ ਕਰਨ ਲਈ ਮੋਟਰਸਾਇਕਲ ‘ਤੇ ਖੇਤਾਂ ਵੱਲ ਨਿਕਲਿਆ ਤਾਂ ਕਰੀਬ 8 ਵਜੇ ਟਿਊਬਵੈੱਲ ਵਾਲੇ ਕਮਰੇ ਨੇੜੇ ਉਸ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਜਿੰਦਰ ਸਿੰਘ ਕੁਆਰਾ ਸੀ ਅਤੇ ਉਸ ਦੇ ਦੋ ਵੱਡੇ ਭਰਾਵਾਂ ਧਰਮਿੰਦਰ ਸਿੰਘ ਅਤੇ ਹਰਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ। ਪਰਿਵਾਰ ਵੱਲੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਪਿੰਡ ਰਟੌਲ ਦੇ ਸਰਪੰਚ ਮਨਦੀਪ ਕੌਰ ਪਤਨੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

You May Also Like