ਤਰਨਤਾਰਨ, 10 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਜਾਮਾਰਾਏ ਤੋਂ ਕੋਟ ਮੁਹੰਮਦ ਖਾਂ ਵਾਲੀ ਸੜਕ ‘ਤੇ ਵੱਡੀ ਵਾਰਦਾਤ ਵਾਪਰੀ। ਇੱਥੇ ਕੁਝ ਅਣਪਛਾਤਿਆਂ ਨੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ (30) ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਘੜਕਾ ਵਜੋਂ ਹੋਈ ਹੈ।
ਇਹ ਵੀ ਖਬਰ ਪੜੋ : ਸਾਬਕਾ ਕਾਂਗਰਸ ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰ ਵਿਜੀਲੈਂਸ ਦੀ ਰੇਡ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਗੁਰਮੀਤ ਸਿੰਘ ਪੰਜਾਬ ਰੋਡਵੇਜ਼ ਤਰਨਤਾਰਨ ਵਿਖੇ ਆਰਜ਼ੀ ਡ੍ਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਤਰਨਤਾਰਨ ਤੋਂ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ PB 10 HG 6228 ‘ਤੇ ਸਵਾਰ ਹੋ ਕੇ ਦੇਰ ਸ਼ਾਮ ਆਪਣੇ ਪਿੰਡ ਘੜਕਾ ਜਾ ਪਰਤ ਰਿਹਾ ਸੀ। ਕੋਟ ਮੁਹੰਮਦ ਖਾਂ ਤੋਂ ਜਾਮਾਰਾਏ ਸੜਕ ‘ਤੇ ਬਾਬਾ ਭੰਡਾਰੀ ਜੀ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ DSP ਸਬ ਡਵੀਜ਼ਨ ਗੋਇੰਦਵਾਲ ਰਵੀਸ਼ੇਰ ਸਿੰਘ ਤੇ ਥਾਣਾ ਗੋਇੰਦਵਾਲ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਜਾਂਚ ਸ਼ੁਰੂ ਕਰਦਿਆਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਤਲਾਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।