ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ

ਕਿਸਾਨ ਦੇਸ਼ ਦਾ ਅੰਨਦਾਤਾ ਜਿਸ ਤਰੀਕੇ ਦੀ ਵੀ ਮਦਦ ਦੀ ਲੋੜ ਹੋਵੇਗੀ ਮੁਹੱਈਆ ਕਰਾਵਾਂਗੇ : ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਨਵੀਂ ਦਿੱਲੀ, 17 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਸੰਘਰਸ਼ਸ਼ੀਲ ਕਿਸਾਨਾਂ ਨੂੰ ਜਿਸ ਕਿਸਮ ਦੀ ਵੀ ਮਦਦ ਦੀ ਲੋੜ ਹੋਵੇਗੀ, ਦਿੱਲੀ ਕਮੇਟੀ ਮੁਹੱਈਆ ਕਰਵਾਏਗੀ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਪਿਛਲੇ ਕਿਸਾਨੀ ਸੰਘਰਸ਼ ਵੇਲੇ ਵੀ ਡਟਵੀਂ ਹਮਾਇਤ ਕੀਤੀ ਸੀ ਤੇ ਹਰ ਤਰੀਕੇ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਸੀ ਤੇ ਐਤਕੀਂ ਵੀ ਅਸੀਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਕਰ ਰਹੇ ਹਾਂ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਸਰਕਾਰਾਂ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ ਅਤੇ ਹਰਿਆਣਾ-ਪੰਜਾਬ ਬਾਰਡਰ ’ਤੇ ਦਿੱਲੀ ਆਉਣ ਵਾਸਤੇ ਜੱਦੋ ਜ਼ਹਿਦ ਕਰ ਰਿਹਾ ਹੈ।

ਇਹ ਵੀ ਖਬਰ ਪੜੋ : ਵਿਜੀਲੈਂਸ ਨੇ PSPCL ਦੇ ਲਾਈਨਮੈਨ ਨੂੰ 40,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

ਉਹਨਾਂ ਕਿਹਾ ਕਿ ਇਹ ਵੇਖ ਕੇ ਅਫਸੋਸ ਵੀ ਹੁੰਦਾ ਹੈ ਤੇ ਦਿਲ ਨੂੰ ਦੁੱਖ ਵੀ ਲੱਗਦਾ ਹੈ ਕਿ ਆਪਣੇ ਹੀ ਦੇਸ਼ ਵਿਚ ਆਪਣੀ ਰਾਜਧਾਨੀ ਤੱਕ ਆਉਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਕਿ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਜਿਵੇਂ ਪਿਛਲੇ ਕਿਸਾਨ ਅੰਦੋਲਨ ਵਿਚ ਦਿੱਲੀ ਕਮੇਟੀ ਤੁਹਾਡੇ ਨਾਲ ਡਟੀ ਸੀ, ਹੁਣ ਵੀ ਡਟੀ ਹੈ ਤੇ ਤੁਹਾਡੇ ਨਾਲ ਖੜ੍ਹੇ ਹਾਂ। ਉਹਨਾਂ ਕਿਹਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਅਸੀਂ ਮੁਹੱਈਆ ਕਰਾਵਾਂਗੇ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਿਸੇ ਇਕ ਫਿਰਕੇ ਜਾਂ ਜਾਤ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ ਕਿਉਂਕਿ ਕਿਸਾਨ ਅੰਨਦਾਤਾ ਹੈ ਜਿਸਦਾ ਸਭ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਦਿੱਲੀ ਕਮੇਟੀ ਆਪਣੇ ਭਰਾਵਾਂ ਨਾਲ ਡੱਟ ਕੇ ਖੜ੍ਹੀ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਾਨੂੰ ਖੇਤੀ ਨਾਲ ਜੋੜ ਕੇ ਗਏ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਕਿ ਜਿਥੇ ਕਿਤੇ ਕਿਸਾਨ ਰੁਕੇ ਹਨ, ਜੋ ਵੀ ਉਹਨਾਂ ਨੂੰ ਚਾਹੀਦਾ ਹੈ, ਮੁਹੱਈਆ ਕਰਵਾਇਆ ਜਾਵੇ।ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਵਾਸਤੇ ਜੋ ਵੀ ਤੁਹਾਨੂੰ ਲੋੜ ਹੈ, ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਤੁਹਾਡੇ ਨਾਲ ਖੜ੍ਹੀ ਹੈ ਤੇ ਖੜ੍ਹੀ ਰਹੇਗੀ।

You May Also Like