ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਹਿੱਤ ਵਿੱਚ ਲਏ ਸਖਤ ਫੈਸਲੇ
ਬਟਾਲਾ, 7 ਦਸੰਬਰ (ਬੱਬਲੂ) – ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦੇ ਕਿਹਾ ਕਿ ਕੇਂਦਰ ਵਿੱਚ ਦ੍ਰਿੜ ਇੱਛਾ ਸ਼ਕਤੀ ਵਾਲੀ ਸਰਕਾਰ ਨੇ ਦੇਸ਼ ਹਿੱਤ ਵਿੱਚ ਲਾ ਮਿਸਾਲ ਅਤੇ ਸਖਤ ਫੈਸਲੇ ਲਏ ਹਨ। ਉਹਨਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦੀਆਂ ਕੀਤੀਆਂ ਗਲਤੀਆਂ ਨੂੰ ਸੁਧਾਰਨ ਦਾ ਕੰਮ ਸ਼ੁਰੂ ਕੀਤਾ ਅਤੇ ਦੇਸ਼ ਹਿੱਤ ਵਿੱਚ ਸਖਤ ਫੈਸਲੇ ਲੈਣ ਤੋਂ ਵੀ ਗੁਰੇਜ ਨਹੀਂ ਕੀਤਾ। ਗਿਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ 370 ਧਾਰਾ ਜੋ ਕਸ਼ਮੀਰੀ ਪੰਡਤਾਂ ਅਤੇ ਹੋਰ ਕਸ਼ਮੀਰੀਆਂ ਵਾਸਤੇ ਨਾਸੂਰ ਬਣ ਚੁੱਕੀ ਸੀ ਨੂੰ ਖਤਮ ਕਰਨ ਦਾ ਸਭ ਤੋਂ ਵੱਡਾ ਫੈਸਲਾ ਮੋਦੀ ਸਰਕਾਰ ਨੇ ਲੈਂਦਿਆਂ ਦੇਸ਼ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਕਸ਼ਮੀਰ ਭਾਰਤ ਦਾ ਅਨਿਖੜਵਾਂ ਅੰਗ ਹੈ ਇਸ ਲਈ ਕੋਈ ਵੀ ਦੇਸ਼ ਵਿਰੋਧੀ ਤਾਕਤ ਇਸ ਨੂੰ ਭਾਰਤ ਤੋਂ ਵੱਖ ਨਹੀਂ ਕਰ ਸਕਦੀ।
ਗਿੱਲ ਨੇ ਦੱਸਿਆ ਕਿ ਦੂਸਰਾ ਅਹਿਮ ਫੈਸਲਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਅਯੁੱਧਿਆ ਰਾਮ ਮੰਦਿਰ ਦਾ ਵਿਵਾਦ ਬਿਨਾ ਖੂਨ ਖ਼ਰਾਬੇ ਤੋਂ ਹੱਲ ਕੀਤਾ ਅਤੇ ਸਦੀਆਂ ਪੁਰਾਣੇ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਅਸਥਾਨ ਤੇ ਸ੍ਰੀ ਰਾਮ ਚੰਦਰ ਜੀ ਦਾ ਮੰਦਰ ਬਣਵਾ ਕੇ ਦੇਸ਼ ਵਾਸੀਆਂ ਨੂੰ ਸਮਰਪਿੱਤ ਕੀਤਾ ਜਿਸਦਾ ਉਦਘਾਟਨ ਜਨਵਰੀ 2024 ਵਿੱਚ ਸੰਗਤਾਂ ਦੇ ਵੱਡੇ ਇਕੱਠ ਵਿੱਚ ਹੋਣ ਜਾ ਰਿਹਾ ਹੈ।
ਗਿੱਲ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਤਿੰਨ ਤਲਾਕ ਦਾ ਰੁਝਾਨ ਖਤਮ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਕਰੋੜਾਂ ਔਰਤਾਂ ਨੂੰ ਬਰਾਬਰਤਾ ਦਾ ਹੱਕ ਦਵਾਇਆ ਤੇ ਸਮਾਜ ਵਿੱਚ ਜੀਵਨ ਉੱਚਾ ਚੁੱਕ ਕੇ ਜਿਉਣ ਦਾ ਰਸਤਾ ਵਿਖਾਇਆ ਜਿਸ ਨਾਲ ਮੁਸਲਮਾਨ ਔਰਤਾਂ ਦਾ ਜੀਵਨ ਪਹਿਲਾਂ ਨਾਲੋਂ ਵੱਧ ਖੁਸ਼ਹਾਲ ਹੋਇਆ ਤੇ ਜਿਸ ਨੂੰ ਭਰਪੂਰ ਸਮਰਥਨ ਵੀ ਮਿਲਿਆ। ਗਿੱਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਨੇਕਾਂ ਅਜਿਹੇ ਹੋਰ ਕੰਮ ਹਨ ਜੋ ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਦੇ ਕਲਿਆਣ ਲਈ ਕੀਤੇ ਗਏ ਹਨ ਅਤੇ ਜਿਨਾਂ ਦਾ ਨਿਰੰਤਰ ਲਾਭ ਦੇਸ਼ ਦੇ ਕਰੋੜਾਂ ਲੋਕਾਂ ਨੂੰ ਰੋਜਾਨਾ ਜੀਵਨ ਵਿੱਚ ਮਿਲ ਰਿਹਾ ਹੈ। ਪਰ ਵੱਖ-ਵੱਖ ਸੂਬਿਆਂ ਵਿੱਚ ਉਥੋਂ ਦੀਆਂ ਗੈਰ ਭਾਜਪਾਈ ਸਰਕਾਰਾਂ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਤੇ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਆਪਨੀ ਸਰਕਾਰ ਦੀਆਂ ਪ੍ਰਾਪਤੀਆਂ ਦੱਸ ਕੇ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਬਾਰੇ ਹੁਣ ਜਾਗਰੂਕਤਾ ਮੁਹਿੰਮ ਆਰੰਭ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾ ਬਾਰੇ ਜਾਣੂ ਕਰਵਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ।