ਦੋ ਲੜਕੀਆਂ ਦਾ ਅਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ, ਰਾਗੀ ਜਥੇ ਤੇ ਗੁਰਦੁਆਰਾ ਕਮੇਟੀ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਾਈ ਪੂਰਨ ਰੋਕ

ਅੰਮ੍ਰਿਤਸਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬਠਿੰਡਾ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਕੈਨਾਲ ਕਲੋਨੀ, ਮੁਲਤਾਨੀਆ ਰੋਡ ਵਿਖੇ ਪਿਛਲੇ ਦਿਨੀਂ ਦੋ ਲੜਕੀਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਨੰਦ ਕਾਰਜ ਕਰਵਾਉਣ ਦੀ ਘਟਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਨੈਤਿਕ ਅਤੇ ਧਾਰਮਿਕ ਤੌਰ ‘ਤੇ ਘੋਰ ਉਲੰਘਣਾ ਕਰਾਰ ਦਿੰਦਿਆਂ ਇਸ ਅਨੰਦ ਕਾਰਜ ਵਿਚ ਸ਼ਾਮਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਸਾਰੇ ਕੰਮਕਾਜਾਂ ‘ਤੇ ਤੁਰੰਤ ਰੋਕ ਦਾ ਆਦੇਸ਼ ਦਿੱਤਾ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕਿ ਦੋ ਲੜਕੀਆਂ ਦਾ ਵਿਆਹ ਸਿੱਖ ਰਹਿਤ ਮਰਿਆਦਾ ਦੇ ਉਲਟ ਤਾਂ ਹੈ ਹੀ ਬਲਕਿ ਗੈਰ-ਕੁਦਰਤੀ ਵੀ ਹੈ। ਉਨ੍ਹਾਂ ਨੇ ਸੰਸਾਰ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਨੂੰ ਇਸ ਉਲਟ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ ਸੁਚੇਤ ਰਹਿਣ ਦਾ ਆਦੇਸ਼ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿਚ ਸਿੱਖਾਂ ਨੂੰ ਆਪਣੇ ਸਾਰੇ ਕਾਰਜ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹੀ ਕਰਨੇ ਚਾਹੀਦੇ ਹਨ। ਸਿੰਘ ਸਾਹਿਬ ਜੀ ਨੇ ਬਠਿੰਡਾ ਵਿਚ 18 ਸਤੰਬਰ 2023 ਨੂੰ ਦੋ ਲੜਕੀਆਂ ਦੁਆਰਾ ਆਪਸ ਵਿਚ ਅਨੰਦ ਕਾਰਜ ਕਰਵਾਉਣ ਦੀ ਸਾਰੀ ਘਟਨਾ ਬਾਰੇ ਇਕ ਧਾਰਮਿਕ ਸਬ-ਕਮੇਟੀ ਬਣਾ ਕੇ ਜਲਦ ਤੋਂ ਜਲਦ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਵੀ ਕਿਹਾ ਹੈ।

You May Also Like