ਨੰਗਲ, 27 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਨੰਗਲ ਵਿਚ ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਸਵਾ ਸਾਲਾ ਮਾਸੂਮ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਥੇ ਸਵਾ ਸਾਲਾ ਮਾਸੂਮ ਖੇਡਦਾ-ਖੇਡਦਾ ਬਾਥਰੂਮ ਵਿਚ ਚਲਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਪਾਣੀ ਦੀ ਭਰੀ ਬਾਲਟੀ ਵਿਚ ਡੁੱਬ ਗਿਆ।
ਪਰਿਵਾਰ ਨੂੰ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਕੁੱਝ ਸਮੇਂ ਬਾਅਦ ਘਰ ਵਿਚਲੇ ਹੋਰ ਬੱਚੇ ਨੇ ਉਸ ਨੂੰ ਦੇਖਿਆ। ਬੱਚੇ ਨੇ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ। ਜਦੋਂ ਤਕ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਬੱਚਾ ਪਾਣੀ ਵਿਚ ਡੁੱਬ ਚੁੱਕਿਆ ਸੀ। ਬੱਚੇ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਇਸ ਘਟਨਾ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੱਚੇ ਦੀ ਮੌਤ ਤੋਂ ਬਾਅਦ ਇਹ ਖ਼ਬਰ ਜਦੋਂ ਆਲੇ-ਦੁਆਲੇ ਲੋਕਾਂ ਨੂੰ ਪਤਾ ਲੱਗੀ ਤਾਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।