ਪਠਾਨਕੋਟ, 4 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪਠਾਨਕੋਟ ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਪਿੰਡ ਪਰਮਾਨੰਦ ‘ਚ ਵਿਦੇਸ਼ ਤੋਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਹਰਦੇਵ ਸਿੰਘ (30 ਸਾਲ) ਵਜੋਂ ਹੋਈ ਹੈ। ਮ੍ਰਿਤਕ ਚਾਰ ਮਹੀਨੇ ਪਹਿਲਾਂ ਹੀ ਛੁੱਟੀ ਆਇਆ ਸੀ। ਉਹ ਆਸਟ੍ਰੇਲੀਆ ‘ਚ ਟਰਾਂਸਪੋਰਟ ਦਾ ਕੰਮ ਕਰਦਾ ਸੀ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦਿਨੀਂ ਉਸ ਦਾ ਭਰਾ ਹਰਦੇਵ ਅੰਮ੍ਰਿਤਸਰ ‘ਚ ਆਪਣੇ ਸਾਲੇ ਨਾਲ ਵਿਆਹ ਵੇਖਣ ਗਿਆ ਹੋਇਆ ਸੀ। ਰਾਤ ਨੂੰ ਉਹ ਆਪਣੇ ਸਾਲੇ ਨੂੰ ਮਲਕਪੁਰ ਛੱਡ ਕੇ ਵਾਪਸ ਆ ਰਿਹਾ ਸੀ ਪਰ ਉਹ ਰਾਤ ਘਰ ਨਹੀਂ ਪੁੱਜਾ।
ਇਹ ਵੀ ਖਬਰ ਪੜੋ : ਕਾਰ ਦੀ ਟਰਾਲੀ ਨਾਲ ਹੋਈ ਭਿਆਨਕ ਟੱਕਰ, ਹਾਦਸੇ ਚ 3 ਵਿਅਕਤੀਆਂ ਦੀ ਮੌਤ
ਉਨ੍ਹਾਂ ਨੂੰ ਸਵੇਰੇ ਕਿਸੇ ਦਾ ਫ਼ੋਨ ਆਇਆ ਕਿ ਹਰਦੇਵ ਸਿੰਘ ਦੀ ਲਾਸ਼ ਪਰਮਾਨੰਦ ਸਕੂਲ ਦੇ ਅੱਗੇ ਪਈ ਹੋਈ ਹੈ। ਜਦੋਂ ਉਹ ਉੱਥੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਉਸ ਦੇ ਪੇਟ ‘ਚ ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਮ੍ਰਿਤਕ ਦੀ ਦੇਹ ਕਬਜ਼ੇ ‘ਚ ਲੈ ਕੇ ਉਸ ਨੂੰ ਪੋਸਟਮਾਟਮ ਵਾਸਤੇ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।