ਪਰਾਲੀ ਦੇ ਨਿਪਟਾਰੇ ਲਈ ਸਬਸਿਡੀ ਉੱਤੇ ਸਰਫੇਸ ਸੀਡਰ ਖ਼ਰੀਦਣ ਲਈ 10 ਸਤੰਬਰ 2023 ਤੱਕ ਵਿਭਾਗ ਦੇ ਪੋਰਟਲ ’ਤੇ ਅਪਲਾਈ ਕਰਨ ਕਿਸਾਨ – ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ 04 ਸਤੰਬਰ (ਰਾਜੇਸ਼ ਡੈਨੀ) – ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ, ਇਸ ਦੇ ਪ੍ਰਬੰਧਨ ਲਈ ਸੁਚੱਜੀ ਵਿਧੀ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤਾਂ ਵਿੱਚ ਹੀ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਰਿਆਇਤੀ ਦਰਾਂ ’ਤੇ ਸਰਫੇਸ ਸੀਡਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਗੱਲ ਦੀ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਸ੍ਰ ਜਤਿੰਦਰ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਵਿਅਕਤੀਗਤ ਤੌਰ ਤੇ ਸਰਫੇਸ ਸੀਡਰ ਖ਼ਰੀਦਣ ’ਤੇ 40 ਹਜ਼ਾਰ ਰੁਪਏ ਅਤੇ ਕਸਟਮਰ ਹਾਇਰਿੰਗ ਸੈਂਟਰ ਲਈ ਖ਼ਰੀਦਣ ’ਤੇ 64 ਹਜ਼ਾਰ ਰੁਪਏ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਸਬਸਿਡੀ ਉੱਤੇ ਸਰਫੇਸ ਸੀਡਰ ਖ਼ਰੀਦਣ ਲਈ 10 ਸਤੰਬਰ 2023 ਤੱਕ ਵਿਭਾਗ ਦੇ ਪੋਰਟਲ agrimachinerypb.com ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਸੂਬੇ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਸਬੰਧੀ ਮਾਮਲਿਆਂ ਨੂੰ ਜ਼ੀਰੋ ’ਤੇ ਲਿਆਉਣ ਲਈ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਸਬੰਧੀ ਹੋਰ ਮਸ਼ੀਨਰੀ ਦੀ ਖ਼ਰੀਦ ’ਤੇ ਵੀ ਸਬਸਿਡੀਆਂ ਪ੍ਰਦਾਨ ਕਰ ਰਹੀ ਹੈ। ਵਧੇਰੇ ਜਾਣਕਾਰੀ ਕਿਸਾਨ ਵਿਭਾਗ ਦੇ ਟੋਲ-ਫ਼ਰੀ ਨੰਬਰ 1800-180-1551 ’ਤੇ ਸੰਪਰਕ ਕਰ ਸਕਦੇ ਹਨ । ਮੁੱਖ ਖੇਤੀਬਾੜੀ ਅਫ਼ਸਰ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਲ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਅਪਲਾਈ ਕਰਨ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਨਾਲ ਸਬੰਧਤ ਬਲਾਕ ਦੇ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਜਿੱਥੇ ਉਨ੍ਹਾਂ ਦੀ ਅਪਲਾਈ ਕਰਨ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।

You May Also Like