ਪ੍ਰੋ. ਸੁਰਜੀਤ ਸਿੰਘ ਤੇ ਹੋਏ ਜਾਨਲੇਵਾ ਹਮਲੇ ਦੀ ਡੈਮੋਕ੍ਰੇਟਿਕ ਟੀਚਰਜ ਫਰੰਟ ਲੁਧਿਆਣਾ ਵੱਲੋਂ ਨਿਖੇਧੀ

ਵਿਦਿਆਰਥਣ ਜਸ਼ਨਦੀਪ ਕੌਰ ਦੀ ਬੇਵਕਤੀ ਮੌਤ ਤੇ ਗਹਿਰਾ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ ਗਿਆ

ਲੁਧਿਆਣਾ, 19 ਸਤੰਬਰ (ਹਰਮਿੰਦਰ ਮੱਕੜ) – ਡੈਮੋਕ੍ਰੇਟਿਕ ਟੀਚਰਜ ਫਰੰਟ ਇਕਾਈ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਅਹੁਦੇਦਾਰਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਘਟਨਾਕ੍ਰਮ ਤੇ ਚਿੰਤਾ ਪ੍ਰਗਟ ਕੀਤੀ ਗਈ।ਮੀਟਿੰਗ ਵਿੱਚ ਹਾਜਰ ਜਿਲ੍ਹਾ ਕਮੇਟੀ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਨੇ ਸਭ ਤੋਂ ਪਹਿਲਾਂ ਵਿਦਿਆਰਥਣ ਜਸ਼ਨਦੀਪ ਕੌਰ ਦੀ ਬੇਵਕਤੀ ਮੌਤ ਤੇ ਗਹਿਰਾ ਦੁੱਖ ਅਤੇ ਅਫਸੋਸ ਪ੍ਰਗਟ ਕਰਦਿਆਂ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਗਹਿਰੀ ਸੰਵੇਦਨਾ ਸਾਂਝੀ ਕੀਤੀ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਜਰਨਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਪ੍ਰੋ.ਸੁਰਜੀਤ ਉੱਪਰ ਕੀਤੇ ਜਾਨਲੇਵਾ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿੱਦਿਆ ਦੇ ਵਪਾਰੀਕਰਨ ਅਤੇ ਨਿੱਜੀਕਰਨ ਦੇ ਏਜੰਡਿਆਂ ਨੂੰ ਅੱਗੇ ਵਧਾਉਣ ਲਈ ਮੌਜੂਦਾ ਭ੍ਰਿਸ਼ਟ ਪ੍ਰਬੰਧ, ਕੁਝ ਬੇਗੈਰਤ ਅਤੇ ਨਾ-ਸਮਝ ਵਿਅਕਤੀਆਂ ਨੂੰ ਢਾਲ ਬਣਾ ਕੇ ਅਜਿਹੇ ਹਮਲੇ ਕਰਵਾ ਰਿਹਾ ਹੈ।ਇਸ ਨਾਲ ਅਧਿਆਪਕ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਦਾ ਘਾਣ ਕੀਤਾ ਜਾ ਰਿਹਾ।

ਅਧਿਆਪਕ ਵਿਦਿਆਰਥੀ ਦੇ ਪਾਕ ਰਿਸ਼ਤੇ ਨੂੰ ਬਹਾਲ ਕਰਨ ਲਈ ਤੁਰੰਤ ਨਿਰਪੱਖ ਅਤੇ ਨਿਆਂਸ਼ੀਲ ਜਾਂਚ ਕੀਤੀ ਜਾਵੇ

ਇਸ ਦੀਆਂ ਜੜ੍ਹਾਂ ਮੌਜੂਦਾ ਸਕੂਲੀ ਸਿੱਖਿਆ ਵਿਵਸਥਾ ਨਾਲ ਵੀ ਜੁੜਦੀਆਂ ਹਨ, ਜੋ ਉਲਾਰ ਕਿਸਮ ਦੀ ਬਿਰਤੀ ਵਾਲੇ ਵਿਦਿਆਰਥੀ ਪੈਦਾ ਕਰਨ ਲਈ ਯਤਨਸ਼ੀਲ ਹੈ ਅਤੇ ਅਧਿਆਪਕਾਂ ਨੂੰ ਮਹਿਜ ਸਿੱਖਿਆ ਪ੍ਰੋਵਾਇਡਰ ਦੀ ਮਕਾਨਕੀ ਭੂਮਿਕਾ ਵਿੱਚ ਦੇਖ ਹੀ ਸੰਤੁਸ਼ਟ ਹੈ। ਅਜਿਹੇ ਪ੍ਰਬੰਧ ਵਿੱਚੋਂ ਡਾਕਟਰ ਸੁਰਜੀਤ ਸਮੇਤ ਸਮੁੱਚਾ ਅਧਿਆਪਕ ਵਰਗ ਆਪਣੇ ਆਪ ਨੂੰ ਬੇਵਸ ਮਹਿਸੂਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਪ੍ਰੋਫੈਸਰ ਸੁਰਜੀਤ ਸਿੰਘ ਜਿਹੇ ਅਧਿਆਪਕਾਂ, ਉਹਨਾਂ ਦੇ ਕਿੱਤੇ ਅਤੇ ਉਸਦੀ ਲਗਾਤਾਰਤਾ ਵਿੱਚ ਜਨਤਕ ਖੇਤਰ ਦੇ ਪੰਜਾਬੀ ਯੂਨੀਵਰਸਿਟੀ ਵਰਗੇ ਵਿੱਦਿਅਕ ਅਦਾਰਿਆਂ ਦੀ ਕਿਰਦਾਕੁਸ਼ੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਥੇਬੰਦੀ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੁਰਜੀਤ ਵਿਰੁੱਧ ਵਿਊਂਤਬੱਧ ਢੰਗ ਨਾਲ ਕੀਤਾ ਕਾਤਲਾਨਾਂ ਹਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਮਾਮਲੇ ਦੀ ਨਿਰਪੱਖ ਤੇ ਨਿਆਂਸ਼ੀਲ ਜਾਂਚ ਦੀ ਮੰਗ ਕੀਤੀ ਹੈ। ਇਸ ਉਪਰੰਤ ਜਥੇਬੰਦੀ ਵੱਲੋਂ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਵੱਲੋਂ ਐੱਚ.ਟੀ., ਸੀ.ਐੱਚ.ਟੀ.ਦੀਆਂ ਤਰੱਕੀਆਂ ਨੂੰ ਜਾਣ-ਬੁਝ ਕੇ ਡਾਟਾ ਵੈਰੀਫਿਕੇਸ਼ਨ ਵਿੱਚ ਉਲ਼ਝਾ ਕੇ ਹੋਰ ਲਮਕਾਉਣ ਦੀ ਨਿਖੇਧੀ ਕੀਤੀ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਇੱਕ ਹਫ਼ਤੇ ਦੇ ਵਿੱਚ-ਵਿੱਚ ਐੱਚ.ਟੀ/ਸੀ.ਐੱਚ.ਟੀ.ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ। ਤਰੱਕੀਆਂ ਨਾ ਕੀਤੇ ਜਾਣ ਦੀ ਸੂਰਤ ਵਿੱਚੋਂ ਜਥੇਬੰਦੀ ਸੰਘਰਸ਼ ਲਈ ਮਜਬੂਰ ਹੋਵੇਗੀ, ਜਿਸ ਦੀ ਸਾਰੀ ਜਿੰਮੇਵਾਰੀ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਸ਼੍ਰੀ ਬਲਦੇਵ ਸਿੰਘ ਦੀ ਹੋਵੇਗੀ। ਇਸ ਮੌਕੇ ਸਮੂਹ ਬਲਾਕ ਪ੍ਰਧਾਨ ਅਤੇ ਕਮੇਟੀ ਮੈਂਬਰ ਸਾਹਿਬਾਨ ਹਾਜ਼ਰ ਸਨ।

You May Also Like