ਪੰਥਕ ਧਿਰਾਂ ਭਾਈ ਕਾਉਂਕੇ ਦੇ ਸ਼ਹੀਦੀ ਸਮਾਗਮ ਵਿੱਚ ਵੱਧ ਚੜ੍ਹਕੇ ਸ਼ਮੂਲੀਅਤ ਕਰਨਗੀਆਂ : ਭੋਮਾ

ਜਥੇਦਾਰ ਕਾਉਂਕੇ ਕਤਲ ਸੰਬੰਧੀ ਇਨਸਾਫ਼ ਲੈਣ ਲਈ ਪੰਥਕ ਧਿਰਾਂ ਦੀ ਮੀਟਿੰਗ 9 ਜਨਵਰੀ ਦੀ ਥਾਂ 15 ਜਨਵਰੀ ਨੂੰ ਹੋਵੇਗੀ

ਅੰਮ੍ਰਿਤਸਰ, 7 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਮਰ ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦਾ 31 ਵਾਂ ਸ਼ਹੀਦੀ ਸਮਾਗਮ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸ਼ਹੀਦੀ ਸਮਾਗਮ ਵਿੱਚ ਪੰਜਾਬ, ਹਰਿਆਣਾ ਤੇ ਕਸ਼ਮੀਰ ਤੋਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਸੰਤ ਮਹਾਂਪੁਰਸ਼ , ਨਿਹੰਗ ਸਿੰਘ ਜਥੇਬੰਦੀਆਂ ਵੱਧ ਚੜ੍ਹਕੇ ਸ਼ਮੂਲੀਅਤ ਕਰ ਰਹੇ ਹਨ । ਦਿੱਲੀ ਦੀਆਂ ਸੰਗਤਾਂ ਵੱਧ ਚੜ੍ਹਕੇ ਭਾਗ ਲੈ ਰਹੀਆਂ ਹਨ। ਸਿੱਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਧਰਮ ਸੁਪਤਨੀ ਮਾਤਾ ਗੁਰਮੇਲ ਕੌਰ ਜੀ ਤੇ ਬੇਟੇ ਭਾਈ ਹਰੀ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਉੱਚ ਪੱਧਰੀ ਵਫ਼ਦ ਸ਼ਹੀਦੀ ਸਮਾਗਮ ਵਿੱਚ ਪਹੁੰਚਣ ਲਈ ਵਿਸ਼ੇਸ਼ ਤੌਰ ਤੇ ਸੱਦਾਂ ਪੱਤਰ ਦੇ ਕੇ ਆਇਆ ਹੈ। ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਵਲੋਂ ਸਭ ਨੂੰ ਨਿੱਜੀ ਤੌਰ ਤੇ ਫ਼ੋਨ ਰਾਹੀਂ ਤੇ ਸੱਦਾ ਪੱਤਰਾਂ ਰਾਹੀਂ ਸਮਾਗਮ ਵਿੱਚ ਪਹੁੰਚਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਮਨਜੀਤ ਸਿੰਘ ਭੋਮਾ ਨੇ ਦੱਸਿਆ ਪੰਥਕ ਧਿਰਾਂ ਵੱਲੋਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਜਗਰਾਉਂ ਸੀ ਏ ਸਟਾਫ ਵਿੱਚ ਅਸਹਿ ਤੇ ਅਕਹਿ ਤਸੀਹੇ ਦੇ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਤੇ ਪੁਲਿਸ ਅਫ਼ਸਰ ਬੀ ਪੀ ਤਿਵਾੜੀ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਦਬਾਉਣ ਵਾਲੇ ਤੇ ਜਾਂਚ ਨੂੰ ਖੁਰਦ ਬੁਰਦ ਕਰਨ ਵਾਲੇ ਜ਼ੁਮੇਵਾਰ ਦੋਸ਼ੀਆਂ ਵਿਰੁੱਧ ਸਖ਼ਤ ਐਕਸ਼ਨ ਕਾਰਵਾਈ ਕਰਵਾਉਣ ਲਈ ਜੋਂ ਮੀਟਿੰਗ 9 ਜਨਵਰੀ ਨੂੰ ਰੱਖੀਂ ਗਈ ਸੀ ਇਹ ਮੀਟਿੰਗ ਮੁਲਤਵੀ ਕਰਕੇ ਸਭ ਨਾਲ਼ ਸਲਾਹ ਮਸ਼ਵਰਾ ਕਰਕੇ ਸਭ ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਹੁਣ ਇਹ ਮੀਟਿੰਗ 15 ਜਨਵਰੀ ਨੂੰ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਦੇ ਨਜ਼ਦੀਕ ਬੁਲਾਈ ਗਈ ਹੈ।ਇਸ ਮੀਟਿੰਗ ਵਿੱਚ ਪਹੁੰਚਣ ਲਈ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਪੰਥਕ ਧਿਰਾਂ ਇਸ ਮੀਟਿੰਗ ਤੇ ਉਲੀਕੇ ਜਾਣ ਵਾਲੇ ਪ੍ਰੋਗਰਾਮ ਨੂੰ ਬੜੀ ਸੰਜੀਦਗੀ ਨਾਲ ਲੈ ਰਹੀਆਂ ਹਨ।

You May Also Like