ਫਰੀਦਕੋਟ, 4 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਫਰੀਦਕੋਟ ਜ਼ਿਲ੍ਹੇ ਅੰਦਰ ਅੱਜ ਲਗਾਤਾਰ ਦੂਜੇ ਦਿਨ ਸਕੂਲੀ ਵਾਹਨ ਹਾਦਸਾਗ੍ਰਸਤ ਹੋਣ ਨਾਲ 2 ਸਕੂਲੀ ਬੱਚਿਆਂ ਸਮੇਤ 4 ਲੋਕਾਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਸੈਂਟ ਮੈਰੀ ਕਾਨਵੈਂਟ ਸਕੂਲ ਦੀ ਇਕ ਵੈਨ ਸਾਦਿਕ ਅਤੇ ਨਾਲ ਲਗਦੇ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਘਰ ਤੋਂ ਲੈ ਕੇ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਨਾਲ ਟਕਰਾਅ ਕੇ ਪਲਟ ਗਈ, ਜਿਸ ਵਿਚ ਸਵਾਰ 2 ਬੱਚਿਆਂ ਅਤੇ ਵੈਨ ਚਾਲਕ ਨੂੰ ਗੰਭੀਰ ਸੱਟਾਂ ਵੱਜੀਆ ਜਦਕਿ ਮੋਟਰਸਾਈਕਲ ਚਾਲਕ ਵੀ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਸਾਦਿਕ ਅਤੇ ਫਰੀਦਕੋਟ ਦੇ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਕੂਲੀ ਬੱਚਿਆਂ ਦੇ ਵਾਹਨ ਨਾਲ ਇਹ 24 ਘੰਟੇ ਅੰਦਰ ਦੂਜਾ ਹਾਦਸਾ ਵਾਪਰਿਆ ਹੈ। ਬੀਤੀ ਕੱਲ੍ਹ ਬਾਅਦ ਦੁਪਿਹਰ ਵੀ ਫਰੀਦਕੋਟ ਦੇ ਇਕ ਨਿਜੀ ਸਕੂਲ ਦੇ ਬੱਚਿਆਂ ਨੂੰ ਲਿਜਾ ਰਿਹਾ ਈ-ਰਿਕਸ਼ਾ ਪਲਟਣ ਨਾਲ ਕਈ ਬੱਚੇ ਜ਼ਖ਼ਮੀ ਹੋਏ ਸਨ ਅਤੇ ਇਕ 4 ਸਾਲਾ ਬੱਚੀ ਦਾ ਸਿਰ ਪਾੜ ਗਿਆ ਸੀ।