ਫੌਜ ਦੀਆਂ ਦੋ ਨੌਕਰੀਆਂ ਕਰਨ ਤੋਂ ਬਾਅਦ ਵੀ ਨਹੀਂ ਮਿਲ ਰਹੀ ਪਰਿਵਾਰ ਨੂੰ ਕੋਈ ਸਹੂਲਤ

ਅੰਮ੍ਰਿਤਸਰ, 10 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਸਾਬਕਾ ਸੈਨਿਕ ਨਾਇਕ ਮੰਗਲ ਸਿੰਘ ਵਾਸੀ ਗੁਰੂ ਨਾਨਕਪੁਰਾ ਬਿਆਸ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਜੋ ਕਿ 15 ਸਿੱਖ ਲਾਈਟ ਇਨਫੈਂਟਰੀ ਯੂਨਿਟ ਤੋਂ ਸੇਵਾਮੁਕਤ ਹੋ ਕੇ ਇਸ ਸਮੇਂ ਸੂਰਾਨੱਸੀ ਜਲੰਧਰ 223 ਏ.ਬੀ.ਓ.ਡੀ (ABOD) ਵਿਖੇ ਡਿਊਟੀ ਕਰ ਰਿਹਾ ਸੀ। ਮੰਗਲ ਸਿੰਘ ਡਿਊਟੀ ਲਈ ਘਰੋਂ ਨਿਕਲਿਆ ਪਰ ਵਾਪਸ ਨਾ ਆਇਆ, ਜਿਸ ਸਬੰਧੀ ਥਾਣਾ ਬਿਆਸ ਵਿਖੇ ਮਿਤੀ 29-01-2021 ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਅੱਜ ਤੱਕ ਕੁਝ ਪਤਾ ਨਹੀਂ ਲੱਗਾ। ਲਾਪਤਾ ਸਾਬਕਾ ਸੈਨਿਕ ਮੰਗਲ ਸਿੰਘ ਦੇ ਪਰਿਵਾਰ ਨੂੰ ਅਜੇ ਤੱਕ ਉਸ ਦੀ ਫੌਜ ਦੀ ਪੈਨਸ਼ਨ ਨਹੀਂ ਮਿਲੀ ਅਤੇ ਨਾ ਹੀ 223 ਏ.ਬੀ.ਓ.ਡੀ. ਸੂਰਾਨੱਸੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਗਈ ਹੈ।ਲਾਪਤਾ ਸਾਬਕਾ ਫੌਜੀ ਮੰਗਲ ਸਿੰਘ ਦੇ ਲਾਪਤਾ ਹੋਣ ਤੋਂ 10 ਮਹੀਨੇ ਬਾਅਦ ਉਸ ਦੀ ਫੌਜ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ। ਹੋਇਆ ਹੈ। ਲਾਪਤਾ ਸਾਬਕਾ ਸੈਨਿਕ ਮੰਗਲ ਸਿੰਘ ਦੇ ਪਰਿਵਾਰ ਵਿਚ ਉਸ ਦੀ ਪਤਨੀ, 2 ਧੀਆਂ ਅਤੇ ਇਕ ਪੁੱਤਰ ਹੈ, ਜਿਨ੍ਹਾਂ ਵਿਚੋਂ ਇਕ ਬੇਟੀ ਦਾ ਵਿਆਹ ਹੋ ਚੁੱਕਾ ਹੈ, ਹੁਣ ਮੰਗਲ ਸਿੰਘ ਦੀ ਪਤਨੀ ਪਲਵਿੰਦਰ ਕੌਰ, ਪੁੱਤਰ ਮਲਕੀਤ ਸਿੰਘ ਅਤੇ 1 ਬੇਟੀ ਮਨਪ੍ਰੀਤ ਕੌਰ ਰਹਿੰਦੇ ਹਨ। ਘਰ ਵਿੱਚ ਆਮਦਨ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਪਰਿਵਾਰ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਪਤਾ ਸਾਬਕਾ ਫੌਜੀ ਮੰਗਲ ਸਿੰਘ ਦੇ ਪਰਿਵਾਰ ਨੂੰ C.S.D ਅਤੇ ECHS ਦੀ ਕੋਈ ਸਹੂਲਤ ਨਹੀਂ ਮਿਲ ਰਹੀ।

ਮੰਗਲ ਸਿੰਘ ਦੀ ਪਤਨੀ ਪਲਵਿੰਦਰ ਕੌਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੈ ਅਤੇ ਉਸ ਦਾ ਸਹੀ ਇਲਾਜ ਨਹੀਂ ਹੋ ਰਿਹਾ। ਘਰ ਤੋਂ ਸਿਰਫ ਇੱਕ ਕਿਲੋਮੀਟਰ ਦੀ ਦੂਰੀ ਤੇ ਸਟੇਸ਼ਨ ਹੈੱਡਕੁਆਰਟਰ ਅਤੇ 55M (i) ਬ੍ਰਿਗੇਡ ਬਿਆਸ ਹੋਣ ਤੇ ਸਾਬਕਾ ਸੈਨਿਕ ਮੰਗਲ ਸਿੰਘ ( ਲਾਪਤਾ) ਦੇ ਬੱਚਿਆਂ (ਮਨਪ੍ਰੀਤ ਕੌਰ ਅਤੇ ਪੁੱਤਰ ਮਲਕੀਤ ਸਿੰਘ) ਨੇ ਚਿੱਠੀਆਂ ਭੇਜ ਕੇ ਬੇਨਤੀ ਕੀਤੀ ਕਿ ਉਹਨਾਂ ਦੇ ਇਸ ਮੁਸ਼ਕਿਲ ਹਾਲਾਤ ਨੂੰ ਵੇਖਦੇ ਹੋਏ ਸੀ.ਐਸ. ਡੀ. ਬਿਆਸ, ਸਟੇਸ਼ਨ ਹੈੱਡਕੁਆਰਟਰ ਬਿਆਸ, ਆਰਮੀ ਡਬਲ ਵਿਕਟਰੀ ਸਕੂਲ ਬਿਆਸ, ਈ. ਸੀ. ਐਚ. ਐਸ ਬਿਆਸ (CSD, ECHS, STN HQ, ARMY DOUBLE VICTORY BEAS) ਵਿੱਚ ਕੋਈ ਤਰਸ ਦੇ ਅਧਾਰ ਤੇ ਕੰਮ ਜ਼ਾ ਕੋਈ ਪ੍ਰਾਈਵੇਟ ਤੌਰ ਤੇ ਨੌਕਰੀ ਮਿਲ ਜਾਵੇ ਤਾਂ ਜੋ ਅਸੀਂ ਆਪਣੀ ਮਾਂ ਦਾ ਇਲਾਜ ਹੀ ਚੰਗੇ ਢੰਗ ਨਾਲ ਕਰਾ ਸਕੀਏ ਪਰ ਅੱਜ ਤੱਕ ਲਾਪਤਾ ਸਾਬਕਾ ਸੈਨਿਕ ਮੰਗਲ ਸਿੰਘ ਦੇ ਬੱਚਿਆਂ ਦੀ ਆਵਾਜ਼ ਨਾ ਤਾਂ ਫੌਜ ਦੇ ਕਿਸੇ ਦਫਤਰ ਤੱਕ ਪਹੁੰਚੀ ਅਤੇ ਨਾ ਹੀ ਕਿਸੇ ਬੇਨਤੀ ਪੱਤਰ ਦਾ ਕੋਈ ਜਵਾਬ ਮਿਲਿਆ। ਸਰਕਾਰ ਅਤੇ ਫੌਜ ਦਾ ਕੋਈ ਵੀ ਦਫਤਰ ਜਾਂ ਅਧਿਕਾਰੀ ਲਾਪਤਾ ਸਾਬਕਾ ਫੌਜੀ ਮੰਗਲ ਸਿੰਘ ਦੇ ਘਰ ਜਾ ਕੇ ਸਥਿਤੀ ਦੀ ਪੂਰੀ ਜਾਣਕਾਰੀ ਅਤੇ ਜਾਂਚ ਸਕਦਾ ਹੈ।ਇਹ ਜਾਣਕਾਰੀ ਲਾਪਤਾ ਸਾਬਕਾ ਸੈਨਿਕ ਮੰਗਲ ਸਿੰਘ ਦੀ ਪਤਨੀ ਪਲਵਿੰਦਰ ਕੌਰ ਅਤੇ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ (ਸਾਬਕਾ ਸੈਨਿਕ) ਨੇ ਮੀਡੀਆ ਨੂੰ ਦਿੱਤੀ, ਜੋ ਕਿ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਮਦਦ ਲਈ ਯਤਨਸ਼ੀਲ ਹੈ |

ਸੰਸਥਾ (N.G.O) ਦੇ ਪ੍ਰੈਜ਼ੀਡੈਂਟ ਨੇ ਭਾਰਤ ਸਰਕਾਰ, ਫੌਜ ਦੇ ਮੁੱਖ ਦਫਤਰ ਆਰਮੀ ਹੈਡਕੁਆਰਟਰ, ਸਿੱਖਲਾਈ ਰਿਕਾਰਡ ਦਫਤਰ, 223 ABOD ਅਤੇ ਸਬੰਧਤ ਦਫਤਰਾਂ ਨੂੰ ਪੱਤਰ ਲਿਖ ਕੇ ਇਸ ਫੌਜੀ ਪਰਿਵਾਰ ਦੀ ਕੁਝ ਮਦਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਫੌਜ ਅਤੇ ਮਹਿਕਮੇ ਵਲੋਂ ਇਹ ਕਹਿ ਦਿੱਤਾ ਗਿਆ ਕਿ 7 ਸਾਲ ਤੱਕ ਇੰਤਜ਼ਾਰ ਕਰਨਾ ਪਵੇਗਾ ਪਰ ਇਥੇ ਸਵਾਲ ਇਹ ਹੈ ਕਿ 7 ਸਾਲ ਤੱਕ ਪਰਿਵਾਰ ਰੋਟੀ ਕਿਥੋਂ ਖਾਵੇਗਾ ? ਜਦ ਕਿ ਪਰਿਵਾਰ ਕੋਲ ਕਮਾਈ ਦਾ ਹੋਰ ਕੋਈ ਸਾਧਨ ਹੀ ਨਹੀਂ ਹੈ। ਇਸ ਮੌਕੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਸੁਰਜੀਤ ਸਿੰਘ, ਦਲਬੀਰ ਸਿੰਘ, ਵਿੱਕੀ, ਸੁਖਦੇਵ ਸਿੰਘ (ਸਾਬਕਾ ਸੈਨਿਕ), ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ (ਐਨ.ਜੀ.ਓ.) ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਜਨਰਲ ਸਕੱਤਰ ਰਵਿੰਦਰ ਕੌਰ, ਅੱਡਿਸ਼ਨਲ ਜਨਰਲ ਸਕੱਤਰ ਜਗਦੀਸ਼ ਸਿੰਘ ਨੰਬਰਦਾਰ, ਕੁਲਵਿੰਦਰ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ ਆਦਿ ਹਾਜ਼ਰ ਸਨ।

You May Also Like