ਬਰਨਾਲਾ, 18 ਅਕਤੂਬਰ (ਐੱਸ.ਪੀ.ਐਨ ਬਿਊਰੋ) – ਬਰਨਾਲਾ ਵਿੱਚ ਇੱਕ ਕਾਰ ਸੰਤੁਲਨ ਗੁਆਉਣ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਤਪਾ ਵਿੱਚ ਜ਼ੇਰੇ ਇਲਾਜ ਸਲਵਿੰਦਰ ਕੁਮਾਰ ਵਾਸੀ ਗੰਗਾਨਗਰ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਭਰਾ ਕੁਲਵਿੰਦਰ ਕੁਮਾਰ, ਭਰਜਾਈ ਗੀਤਾ ਰਾਣੀ ਅਤੇ ਮਾਤਾ ਗੁਰਦੇਵ ਕੌਰ ਨਾਲ ਕਾਰ ਵਿੱਚ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਿਹਾ ਸੀ। ਜਦੋਂ ਉਹ ਬਰਨਾਲਾ-ਬਠਿੰਡਾ ਮੁੱਖ ਸੜਕ ’ਤੇ ਤਪਾ ਓਵਰਬ੍ਰਿਜ ਕੋਲ ਪੁੱਜਿਆ ਤਾਂ ਅਚਾਨਕ ਕਾਰ ਆਪਣਾ ਸੰਤੁਲਨ ਗੁਆ ਬੈਠੀ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।
ਮੌਕੇ ‘ਤੇ ਹੀ ਮੌਤ ਹੋਈ
ਇਸ ਹਾਦਸੇ ‘ਚ ਕਾਰ ਚਾਲਕ ਕੁਲਵਿੰਦਰ ਕੁਮਾਰ ਅਤੇ ਗੁਰਦੇਵ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀਆਂ ਨੂੰ ਮਿੰਨੀ ਸਹਾਰਾ ਵੈਲਫੇਅਰ ਕਲੱਬ ਅਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ।