ਬਿਆਸ, 29 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜਿਲ੍ਹਾ ਅੰਮ੍ਰਿਤਸਰ ਵਿੱਚ ਕਰਵਾਏ ਗਏ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਦੀਆਂ ਕੁੜੀਆਂ ਨੇ ਕਬੱਡੀ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਅਤੇ ਹੋਰ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਵੱਲੋਂ ਹੌਂਸਲਾ-ਅਫ਼ਜਾਈ ਕੀਤੀ ਗਈ। ਸਕੂਲ ਦੇ ਹੈੱਡ ਮਾਸਟਰ ਜਰਨੈਲ ਸਿੰਘ ਨੇ ਦੱਸਿਆ ਕਿ ਸਾਡੇ ਸਕੂਲ ਦੇ ਅਧਿਆਪਕ (ਕੋਚ) ਧਰਮਿੰਦਰ ਸਿੰਘ ਦੀ ਮਿਹਨਤ ਸਦਕਾ ਇਨ੍ਹਾਂ ਬਲਾਕ ਪੱਧਰੀ (2023-2024) ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਜਿਵੇਂ ਕੁੜੀਆਂ ਵਲੋਂ ਕਬੱਡੀ ਅਤੇ ਮੁੰਡਿਆਂ ਵਲੋਂ ਹੋਰ ਵੀ ਕਈ ਖੇਡਾਂ ਵਿੱਚ ਮੱਲਾਂ ਮਾਰੀਆਂ ਗਈਆਂ। ਪਿੰਡ ਅਤੇ ਸਕੂਲ ਦਾ ਨਾਂਮ ਰੋਸ਼ਨ ਕਰਨ ਵਾਲੇ ਇਹਨਾਂ ਬੱਚਿਆਂ ਨੂੰ ਉਚੇਚ ਤੌਰ ਤੇ ਮਿਲਣ ਪਹੁੰਚੇ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ ਨੇ ਇਹਨਾਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ, ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਚਾਹਲ ਨੇ ਕਿਹਾ ਕਿ ਇਹ ਬੱਚੇ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦਾ ਭਵਿੱਖ ਹਨ , ਜਿਵੇਂ ਇਹਨਾਂ ਨੇ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਦਾ ਨਾਂਮ ਰੋਸ਼ਨ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਇਹ ਅੱਗੇ ਵੱਧਕੇ ਆਪਣੇ ਮਾਤਾ ਪਿਤਾ, ਪੰਜਾਬ ਅਤੇ ਦੇਸ਼ ਦਾ ਨਾਂਮ ਵੀ ਰੋਸ਼ਨ ਕਰਨਗੇ। ਅਸੀਂ ਸਰਕਾਰ ਕੋਲੋਂ ਉਮੀਦ ਕਰਦੇ ਹਾਂ ਕਿ ਇਨ੍ਹਾਂ ਸਰਕਾਰੀ ਸਕੂਲਾਂ ਅਤੇ ਬੱਚਿਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ। ਅਸੀਂ ਆਪਣੀ ਸਮੂਹ ਟੀਮ ਵੱਲੋ ਇਹਨਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਉਜਵਲ ਭਵਿੱਖ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਇਸ ਮੌਕੇ ਅਧਿਆਪਕ ਅਜੀਤ ਪਾਲ ਸਿੰਘ, ਕਿਰਨਦੀਪ ਕੌਰ ਹਾਜ਼ਰ ਸਨ।