ਚੰਡੀਗੜ੍ਹ, 8 ਮਈ (ਐੱਸ.ਪੀ.ਐਨ ਬਿਊਰੋ) – ਪੰਜਾਬ ‘ਚ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਹੁਸ਼ਿਆਰਪੁਰ ਤੋਂ ਨਾਮਵਰ ਦਲਿਤ ਆਗੂ ਤੇ ਬਸਪਾ ਉਮੀਦਵਾਰ ਰਾਕੇਸ਼ ਸੁਮਨ ਬੁੱਧਵਾਰ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਦੱਸ ਦੇਈਏ ਕਿ ਬਸਪਾ ਹਾਈਕਮਾਂਡ ਨੇ 15 ਦਿਨ ਪਹਿਲਾਂ ਰਾਕੇਸ਼ ਸੁਮਨ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਸੀ। ਬਸਪਾ ਵਰਕਰਾਂ ਨੇ ਰਾਕੇਸ਼ ਸੁਮਨ ਨੂੰ ਲੈ ਕੇ ਚੋਣ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਪਰ ‘ਆਪ’ ਨੇ ਅਜਿਹਾ ਸਿਆਸੀ ਪਾਸਾ ਸੁੱਟਿਆ ਕਿ ਬਸਪਾ ਉਮੀਦਵਾਰ ‘ਆਪ’ ‘ਚ ਸ਼ਾਮਲ ਹੋ ਗਿਆ। ਸਿਆਸੀ ਹਾਲਾਤਾਂ ‘ਚ ਅਚਾਨਕ ਆਈ ਤਬਦੀਲੀ ਕਾਰਨ ਬਸਪਾ ਨੂੰ ਇਕ ਵਾਰ ਫਿਰ ਉਮੀਦਵਾਰ ਲੱਭਣ ਦੀ ਚੁਣੌਤੀ ਖੜ੍ਹੀ ਹੋ ਗਈ ਹੈ।