ਰਈਆ, 20 ਨਵੰਬਰ (ਐੱਸ.ਪੀ.ਐਨ ਬਿਊਰੋ) – ਕਸਬਾ ਬਾਬਾ ਬਕਾਲਾ ਵਿਚ ਮੰਗਲਵਾਰ ਰਾਤ ਇਕ ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦੇਣ ਸਬੰਧੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਫ਼ੌਜੀ ਪੁੱਤਰ ਪ੍ਰੇਮ ਸਿੰਘ ਵਜੋਂ ਹੋਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਅਤੇ ਉਸ ਦੇ ਕਥਿਤ ਪ੍ਰੇਮੀ ਕੁਲਵੰਤ ਸਿੰਘ ਵਾਸੀ ਭੁੱਲਰ ਵਜੋਂ ਹੋਈ ਹੈ। ਪੁਲੀਸ ਥਾਣਾ ਬਿਆਸ ਦੇ ਮੁਖੀ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਤਾਪ ਸਿੰਘ ਵਾਸੀ ਵੇਦਾਦਪੁਰ ਨੇ ਪੁਲੀਸ ਨੂੰ ਬਿਆਨ ਵਿਚ ਦੱਸਿਆ ਕਿ ਬੀਤੀ ਰਾਤ ਕਰੀਬ 8-30 ਤੇ ਉਸ ਦੀ ਭਣੇਵੀਂ ਨੇ ਫ਼ੋਨ ਕਰਕੇ ਦੱਸਿਆ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਫ਼ੌਜੀ ਪੁੱਤਰ ਪ੍ਰੇਮ ਸਿੰਘ ਨੂੰ ਕੋਈ ਅਣਪਛਾਤਾ ਵਿਅਕਤੀ ਗਲ ਘੁੱਟ ਕੇ ਮਾਰ ਰਿਹਾ ਹੈ ਅਤੇ ਉਸ ਦੀ ਮਾਂ ਕੋਲ ਖੜ੍ਹੀ ਦੇਖ ਰਹੀ ਹੈ। ਇਸ ਇਤਲਾਹ ਦੇ ਅਧਾਰ ’ਤੇ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਉਪਰੰਤ ਤੁਰੰਤ ਕਾਰਵਾਈ ਕਰ ਕੇ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਖਬਰ ਪੜੋ : — ਅਨਿਲ ਜੋਸ਼ੀ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
ਬਾਰੀਕੀ ਨਾਲ ਜਾਂਚ ਕਰਨ ’ਤੇ ਪਤਾ ਲੱਗਾ ਹੈ ਕਿ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਅਤੇ ਕੁਲਵੰਤ ਸਿੰਘ ਵਾਸੀ ਭੁੱਲਰ ਦੇ ਆਪਸ ਵਿਚ ਨਾਜਾਇਜ਼ ਸਬੰਧ ਸਨ ਜਿਸ ਕਾਰਨ ਕੁਲਵਿੰਦਰ ਕੌਰ ਨੇ ਆਪਣੇ ਪਤੀ ਨੂੰ ਰਸਤੇ ਵਿਚੋਂ ਹਟਾਉਣ ਲਈ ਪ੍ਰੇਮੀ ਨਾਲ ਮਿਲ ਕੇ ਇਸ ਵਾਰਤਾਦ ਨੂੰ ਅੰਜਾਮ ਦਿੱਤਾ। ਪੁਲੀਸ ਨੇ ਥਾਣਾ ਬਿਆਸ ਵਿਚ ਤਿੰਨ ਦੋਸ਼ੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।