ਚੰਡ੍ਹੀਗੜ੍ਹ, 13 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਕਰੀਬ ਸਾਲ ਪਹਿਲਾਂ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਗਏ ਪੰਜਾਬ ਦੇ ਤਿੰਨ ਸਾਬਕਾ ਮੰਤਰੀ ਅੱਜ ਘਰ ਵਾਪਸੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਵਜਾ ਇਹਨਾਂ ਤਿੰਨ ਮੰਤਰੀਆਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਕਾਂਗਰਸ ਹਾਈਕਮਾਂਡ ਕੋਲ ਪਹੁੰਚੇ ਹਨ। ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਡਾ. ਰਾਜ ਕੁਮਾਰ ਵੇਰਕਾ ਦਾ ਹੈ ਜਿਹਨਾਂ ਨੇ ਅੱਜ ਸਵੇਰੇ ਐਲਾਨ ਕੀਤਾ ਸੀ ਕਿ ਉਹ ਬੀਜੇਪੀ ਨੂੰ ਛੱਡ ਕੇ ਕਾਂਗਰਸ ਵਿੱਚ ਵਾਪਸ ਜਾ ਰਹੇ ਹਨ। ਇਸ ਦੌਰਾਨ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਤੁਸੀਂ ਇੰਤਜ਼ਾਰ ਕਰੋ ਤੇ ਦੇਖੋ ਹੋਰ ਕਿਹੜੇ ਕਿਹੜੇ ਸਾਬਕਾ ਮੰਤਰੀ ਵਾਪਸ ਆਉਂਦੇ ਹਨ। ਡਾ. ਰਾਜ ਕੁਮਾਰ ਵੇਰਕਾ ਦੇ ਨਾਲ ਨਾਲ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਕਾਂਗਰਸ ਵਿੱਚ ਆ ਰਹੇ ਹਨ।
ਡਾ. ਬਲਬੀਰ ਸਿੰਘ ਸਿੱਧੂ ਕੈਪਟਨ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗੜ ਵੀ ਕੈਪਟਨ ਦੀ ਸਰਕਾਰ ਵੀ ਮੰਤਰੀ ਸਨ। ਗੁਰਪ੍ਰੀਤ ਸਿੰਘ ਕਾਂਗੜ, ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਕਾਂਗੜ ਦੇ ਰਹਿਣ ਵਾਲੇ ਹਨ। ਜਦੋਕਿ ਬਲਬੀਰ ਸਿੰਘ ਸਿੱਧੂ ਮੋਹਾਲੀ ਦੇ ਰਹਿਣ ਵਾਲੇ ਹਨ। ਡਾ. ਰਾਜ ਕੁਮਾਰ ਵਰੇਕਾ ਕਾਂਗਰਸ ਦੇ ਐਕਟਿਵ ਮੈਂਬਰਾਂ ਵਿੱਚ ਸ਼ਾਮਲ ਸਨ। ਹਰ ਮੁੱਦੇ ਨੂੰ ਰਾਜ ਕੁਮਾਰ ਵੇਰਕਾ ਜ਼ੋਰਾ ਸ਼ੋਰਾ ਨਾਲ ਚੁੱਕਦੇ ਸਨ। ਪਰ ਜਦੋਂ ਤੋਂ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਸੀ ਉਦੋਂ ਤੋਂ ਪੰਜਾਬ ਦੀ ਸਿਆਸਤ ਵਿੱਚ ਜ਼ਿਆਦਾ ਭੂਮਿਕਾ ਨਜ਼ਰ ਨਹੀਂ ਆ ਰਹੀ ਸੀ। ਡਾ ਰਾਜ ਕੁਮਾਰ ਵੇਰਕਾ ਨੇ ਕਾਂਗਰਸ ਨੂੰ ਆਪਣੇ 22 ਸਾਲ ਦਿੱਤੇ ਸਨ। 22 ਸਾਲਾਂ ਬਾਅਦ ਜਦੋਂ ਪੰਜਾਬ ਕਾਂਗਰਸ ਦੇ ਅੰਦਰ ਆਪਸੀ ਕਾਟੋ ਕਲੇਸ਼ ਵੱਧ ਗਿਆ ਸੀ ਤਾਂ ਉਹਨਾਂ ਨੇ ਕਾਂਗਰਸ ਨੂੰ ਛੱਡ ਬੀਜੇਪੀ ਜੁਆਇਨ ਕਰ ਲਈ ਸੀ। ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਵੈਸਟ ਤੋਂ ਕਾਂਗਰਸ ਦੇ ਵਿਧਾਇਕ ਵੀ ਰਹਿ ਚੁੱਕੇ ਹਨ।