ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕਿਸਾਨ ਦੇ ਹੱਕ ਵਿੱਚ ਕੀਤਾ ਰੋਸ ਮੁਜ਼ਾਹਰਾ

ਅੰਮ੍ਰਿਤਸਰ, 24 ਨਵੰਬਰ (ਹਰਪਾਲ ਸਿੰਘ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਪਿੰਡ ਕੋਟਲਾ ਡੂਮ ਵਿਖੇ ਜਮੀਨ ਠੇਕੇ ‘ਤੇ ਦੇਣ ਵਾਲੇ ਕਿਸਾਨ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਵੱਲੋਂ ਬਲਾਕ ਚੋਗਾਵਾਂ ਦੇ ਪ੍ਰਧਾਨ ਸਵਿੰਦਰ ਸਿੰਘ ਕਲੇਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਕੋਟਲਾ ਡੂਮ ਵਿਖੇ ਹੋਈ ਲੜਾਈ ਸਮੇਂ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ ਅਤੇ ਕਤਲ ਵਿੱਚ ਸ਼ਾਮਿਲ ਨੌਜਵਾਨ ਨੇ ਕੁਝ ਜ਼ਮੀਨ ਠੇਕੇ ਤੇ ਲਈ ਹੋਈ ਸੀ, ਉਸ ਤੋਂ ਬਾਅਦ ਠੇਕੇ ‘ਤੇ ਜ਼ਮੀਨ ਲੈਣ ਵਾਲੇ ਕਿਸਾਨ ਵੱਲੋਂ ਬੀਜਿਆ ਝੋਨਾ ਪ੍ਰਸ਼ਾਸਨ ਵੱਲੋਂ ਵੱਢਣ ਤੋਂ ਰੋਕ ਦਿੱਤਾ ਗਿਆ, ਜਿਸ ਕਰਕੇ ਉਹ ਝੋਨਾ ਪੈਲੀ ਵਿੱਚ ਹੀ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇ ਤੇ ਜ਼ਮੀਨ ਦੇਣ ਵਾਲੇ ਕਿਸਾਨ ਨੇ ਅਜੇ ਤੱਕ ਠੇਕਾ ਵੀ ਨਹੀਂ ਲਿਆ ਅਤੇ ਉਸ ਨੂੰ ਆਪਣੀ ਜ਼ਮੀਨ ਵਿੱਚੋਂ ਝੋਨਾ ਵੱਢਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ, ਜਿਸਦਾ ਕਿ ਕੋਈ ਕਸੂਰ ਵੀ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨ ਨੂੰ ਝੋਨਾ ਵੱਢਣ ਦੀ ਇਜਾਜ਼ਤ ਦੇਣ, ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਇਸ ਵਾਸਤੇ ਵੀ ਸੰਘਰਸ਼ ਕਰਨਗੇ ਅਤੇ ਖੁਦ ਝੋਨਾ ਵਢਾਉਣਗੇ।

ਜ਼ਮੀਨ ਦੇ ਮਾਲਕ ਕੇਵਲ ਸਿੰਘ ਕੋਟਲਾ ਡੂਮ ਨੇ ਕਿਹਾ ਕਿ ਜੋ ਵੀ ਘਟਨਾ ਵਾਪਰੀ ਹੈ, ਉਸ ਦਾ ਉਨ੍ਹਾਂ ਨੂੰ ਅਫਸੋਸ ਹੈ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਵੀ ਹੈ, ਪਰ ਉਨ੍ਹਾਂ ਨੇ ਜਿਸ ਕਿਸਾਨ ਨੂੰ ਪੈਲੀ ਠੇਕੇ ‘ਤੇ ਦਿੱਤੀ ਸੀ, ਉਸਦੇ ਵਿਰੁੱਧ ਪਰਚਾ ਦਰਜ ਹੋ ਗਿਆ ਹੈ, ਪਰ ਉਨ੍ਹਾਂ ਦਾ ਕੋਈ ਕਸੂਰ ਨਹੀਂ, ਕਿਉਂਕਿ ਉਨ੍ਹਾਂ ਨੂੰ ਨਾ ਤਾਂ ਠੇਕਾ ਮਿਲਿਆ ਹੈ ਅਤੇ ਨਾ ਹੀ ਝੋਨਾ ਵੱਢਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚੋਂ ਝੋਨਾ ਵੱਢਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਸਮੇ ਸਿਰ ਕਣਕ ਦੀ ਫ਼ਸਲ ਬੀਜ ਸਕਣ। ਇਸ ਮੌਕੇ ‘ਤੇ ਗੁਰਤਾਜ ਸਿੰਘ ਰਾਮ ਤੀਰਥ, ਬਲਬੀਰ ਸਿੰਘ ਬੋਪਾਰਾਏ, ਸਾਹਿਬ ਸਿੰਘ ਚੈਨਪੁਰ, ਗੁਲਜਾਰ ਸਿੰਘ ਕੋਟਲਾ, ਕਸ਼ਮੀਰ ਸਿੰਘ ਕੋਟਲਾ, ਸਤਨਾਮ ਸਿੰਘ ਕੋਟਲਾ ਆਦਿ ਕਿਸਾਨ ਆਗੂ ਹਾਜ਼ਰ ਸਨ।

You May Also Like